ਪਾਕਿਸਤਾਨ 'ਚ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਨਾ ਰੱਖੇ ਜਾਣ ਦੀ ਪ੍ਰੋਫੈਸਰ ਬਡੂੰਗਰ ਵਲੋਂ ਨਿਖੇਧੀ
-ਆਸਟਰੇਲੀਆ ਵਿਚ ਝੀਲ ਦਾ ਨਾਮ "ਗੁਰੂ ਨਾਨਕ" ਜੀ ਦੇ ਰੱਖਣ ਦੀ ਦਿੱਤੀ ਮੁਬਾਰਕਬਾਦ
ਪਟਿਆਲਾ , 11 ਨਵੰਬਰ 2024- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪਾਕਿਸਤਾਨ ਦੀ ਇੱਕ ਸੰਸਥਾ ਵੱਲੋਂ ਸ਼ਹੀਦ-ਦੇ-ਆਜ਼ਮ ਭਗਤ ਸਿੰਘ ਤੇ ਨਾਂ ਤੇ ਚੌਂਕ ਬਣਾਏ ਜਾਣ ਦੀ ਮੰਗ ਨੂੰ ਪਾਕ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਇਨਕਲਾਬੀ ਨਹੀਂ, ਸਗੋਂ "ਅਪਰਾਧੀ' ਕਰਾਰ ਦਿੱਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਅੱਜ ਪਾਕਿਸਤਾਨ ਦੀ ਆਜ਼ਾਦ ਹੋਂਦ ਹੈ ਤਾਂ ਅਜਿਹੇ ਸੂਰਬੀਰ ਯੋਧਿਆਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਸਿੰਘ, ਸ਼ਹੀਦ ਉਧਮ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਬਦੌਲਤ ਹੀ ਹੈ ਜਿਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਇਆ।
ਪ੍ਰੋ. ਬਡੂੰਗਰ ਨੇ ਕਿਹਾ ਕਿ ਪਾਕਿਸਤਾਨ ਦੇਸ਼ ਦੀ ਸਰਕਾਰ ਨੂੰ ਅਜਿਹੇ ਮੰਦਭਾਗੇ ਫੈਸਲੇ ਨਹੀਂ ਕਰਨੇ ਚਾਹੀਦੇ । ਉਹਨਾਂ ਕਿਹਾ ਕਿ ਪਾਕਿਸਤਾਨ ਦੇ ਲਾਹੌਰ ਦੇ ਸ਼ਾਦਮਾਨ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰੋ. ਬਡੂੰਗਰ ਨੇ ਕਿਹਾ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਆਸਟਰੇਲੀਆ ਵਿਚ ਸਿੱਖ ਕੌਮ ਵੱਲੋਂ ਪਾਏ ਜਾ ਰਹੇ ਯੋਗਦਾਨ ਅਤੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਤੇ ਮੈਲਬੋਰਨ ਦੇ ਦੱਖਣ ਪੂਰਬ ਵਿੱਚ ਸਥਿਤ ਇਲਾਕੇ ਵਿੱਚ ਕੁਦਰਤੀ ਰੰਗਾਂ ਨਾਲ ਭਰਪੂਰ "ਬਰਵਿਕ ਸਪਰਿੰਗਜ਼ ਝੀਲ" ਦਾ ਨਾਮ ਬਦਲ ਕੇ ਅਧਿਕਾਰਤ ਤੌਰ ਤੇ ਗੁਰੂ ਨਾਨਕ ਝੀਲ ਰੱਖਣ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਜੋ ਸੰਦੇਸ਼ ਦਿੱਤੇ ਉਸ ਨੂੰ ਸੰਸਾਰ ਵਿੱਚ ਵਸਦੇ ਸਿੱਖਾਂ ਵੱਲੋਂ ਚੱਲਿਆ ਜਾ ਰਿਹਾ ਹੈ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਆਸਟਰੇਲੀਆ ਦੀ ਸਪਰਿੰਗਜ਼ ਲੇਕ ਨੂੰ ਆਸਟਰੇਲੀਆ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਵੱਲੋਂ ਪਾਏ ਗਏ ਭਰਪੂਰ ਯੋਗਦਾਨ ਕਰਕੇ ਹੀ ਆਸਟਰੇਲੀਆ ਸਰਕਾਰ ਨੇ ਇਸ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਝੀਲ ਰੱਖ ਕੇ ਸਿੱਖ ਧਰਮ ਦਾ ਨਾਮ ਹੋਰ ਉੱਚਾ ਕੀਤਾ ਹੈ।