ਨਿਹੰਗ ਸਿੰਘ ਦਲਾਂ ਨੇ ਸੁਲਤਾਨਪੁਰ ਲੋਧੀ ਵਿਖੇ ਕੀਤੇ ਉਤਾਰੇ
ਪੁਰਾਤਨ ਰਵਾਇਤ ਮੁਤਾਬਕ ਮਨਾਉਣਗੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ
ਸੁਲਤਾਨਪੁਰ ਲੋਧੀ:- 12 ਨਵੰਬਰ 2024 : ਨਿਹੰਗ ਸਿੰਘ ਜਥੇਬੰਦੀਆਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸਮੂਹ ਨਿਹੰਗ ਸਿੰਘ ਦਲ ਪੰਥ ਅਤੇ ਸਿੱਖ ਸੰਗਤਾਂ ਸਿੱਖ ਧਰਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣਗੇ। ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਦਸਿਆ ਪੁਰਾਤਨ ਰਵਾਇਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ 13 ਨਵੰਬਰ ਨੂੰ ਗੁਰਦੁਆਰਾ ਅਕਾਲ ਬੁੰਗਾ ਸਾਹਿਬ, ਨੇੜੇ ਗੁੁ: ਹੱਟ ਸਾਹਿਬ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪ੍ਰਾਅਰੰਭ ਹੋਣਗੇ ਜਿਨ੍ਹਾਂ ਦੇ ਭੋਗ 15 ਨਵੰਬਰ ਨੂੰ ਭੋਗ ਪਾਏ ਜਾਣਗੇ। ਏਸੇ ਤਰ੍ਹਾਂ ਬਾਕੀ ਨਿਹੰਗ ਸਿੰਘ ਛਾਉਣੀਆਂ ਵਿੱਚ ਵੀ ਏਹੀ ਪਰੰਪਰਾ ਹੋਵੇਗੀ। ਉਨ੍ਹਾਂ ਦਸਿਆ ਕਿ ਪ੍ਰਚਾਰਕ ਜਨ ਗੁਰਇਤਿਹਾਸ, ਰਾਗੀ ਸਿੰਘ ਗੁਰਬਾਣੀ ਕੀਰਤਨੀਏ, ਢਾਡੀ ਸਿੰਘ, ਸਿੱਖ ਧਰਮ ਸਬੰਧੀ ਸਿੱਖ ਵਿਦਵਾਨ ਗੁਰਇਤਿਹਾਸ ਦੀਆਂ ਅਣਸੁਣੀਆਂ ਸਾਖੀਆਂ ਸਰਵਣ ਕਰਵਾਉਣਗੇ। 16 ਨਵੰਬਰ ਨੂੰ ਏਸੇ ਸਥਾਨ ਤੋਂ ਸਮੂਹ ਨਿਹੰਗ ਸਿੰਘ ਦਲ ਪੰਥ ਨਿਸ਼ਾਨ ਨਿਗਾਰਿਆਂ ਦੀ ਛੱਤਰ ਛਾਇਆ ਹੇਠ ਅਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਮਹੱਲਾ ਕੱਢਣਗੇ।
ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਦਸਿਆ ਕਿ ਵੱਖ-ਵੱਖ ਨਿਹੰਗ ਸਿੰਘ ਦਲਾਂ ਨੇ ਗੁਰੂ ਮਹਾਰਾਜ ਦੀਆਂ ਪਾਲਕੀ ਵਾਲੀਆਂ ਗੱਡੀਆਂ, ਅਤੇ ਹਾਥੀਆਂ, ਊਠਾਂ, ਘੋੜਿਆਂ ਸਮੇਤ ਆਪੋ ਆਪਣੀਆਂ ਛਾਉਣੀਆਂ ਵਿੱਚ ਉਤਾਰੇ ਕਰ ਲਏ ਹਨ। ਸਾਰੇ ਨਿਹੰਗ ਸਿੰਘ ਦਲਾਂ ਵਲੋਂ ਨਿਹੰਗ ਛਾਉਣੀਆਂ ਵਿੱਚ ਸਾਫ ਸਫਾਈ ਤੋਂ ਇਲਾਵਾ ਤੰਬੂ, ਘੋੜਿਆਂ, ਹਾਥੀਆਂ, ਊਠਾਂ ਦੇ ਦਾਣਾਪਾਣੀ ਆਦਿ ਦਾ ਵੱਡੀ ਪੱਧਰ ਤੇ ਪ੍ਰਬੰਧ ਕੀਤਾ ਜਾ ਰਿਹਾ ਹੈ। ਸਵੇਰੇ ਸ਼ਾਮ ਨਿਤਨੇਮ ਤੋਂ ਇਲਾਵਾ ਕਥਾ ਕੀਰਤਨ ਦਾ ਪ੍ਰਵਾਹ ਚਲੇਗਾ। ਉਨ੍ਹਾਂ ਕਿਹਾ ਲੋਧੀ ਸ਼ਹਿਰ ਸਮੁੱਚੇ ਸੁਲਤਾਨਪੁਰ ਦੀ ਫਿਜਾ ਧਾਰਮਿਕ ਮਾਹੌਲ ਵਿਚ ਰੰਗੀ ਜਾਵੇਗੀ।ਵੱਖ-ਵੱਖ ਹੋਰਡਿੰਗ, ਬੈਨਰ, ਲੰਗਰਾਂ ਦਾ ਪ੍ਰਬੰਧ ਪੂਰੀ ਸ਼ਰਧਾ ਭਾਵਨਾ ਨਾਲ ਸ਼ੁਰੂ ਹੋ ਗਿਆ ਹੈ।ਨਿਹੰਗ ਸਿੰਘ ਤਿਆਰ ਬਰ ਤਿਆਰ ਜਦੋਂ “ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰੇ ਲਾਉਂਦੇ ਸ਼ਹਿਰ ‘ਚ ਲੰਘਣਗੇ ਤਾਂ ਪੁਰਾਣੀਆਂ ਸਦੀਆਂ ਵਾਲੇ ਪੁਰਾਤਨ ਸਿੰਘਾਂ ਦੀ ਯਾਦ ਦਿਵਾਉਂਦੇ ਨਜ਼ਰ ਆਉਣਗੇ। ਬਾਬਾ ਜੋਗਾ ਸਿੰਘ ਮੁਖੀ ਮਿਸਲ ਬਾਬਾ ਦੀਪ ਸਿੰਘ ਜੀ ਸ਼ਹੀਦ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀ ਚੰਦ ਜੀ ਤਰਨਾ ਦਲ ਸੁਰ ਸਿੰਘ, ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ, ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ ਤੋਂ ਇਲਾਵਾ ਬੇਅੰਤ ਹੋਰ ਨਿਹੰਗ ਸਿੰਘ ਫੌਜਾਂ ਦੇ ਪੜਾ ਇਸ ਅਸਥਾਨ ਹਨ।