ਕਿਸਾਨ ਜਥੇਬੰਦੀ ਨੇ ਵਲਟੋਹਾ ਵਿਖੇ ਰੋਡ ਜਾਮ ਕਰਕੇ ਕੇਂਦਰ ਮੰਤਰੀ ਰਵਨੀਤ ਬਿੱਟੂ ਦਾ ਸਾੜਿਆ ਪੁਤਲਾ
ਬਲਜੀਤ ਸਿੰਘ
ਤਰਨ ਤਾਰਨ : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਵਲਟੋਹਾ ਵਿਖੇ ਕਿਸਾਨ ਜਥੇਬੰਦੀ ਵਲੋ ਵਲਟੋਹਾ ਰੋਡ ਜਾਮ ਕਰਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਸਾੜਿਆ ਗਿਆ ਅਤੇ ਬਠਿੰਡਾ ਵਿਖੇ ਕਿਸਾਨਾਂ ਤੇ ਹੋਏ ਲਾਠੀ ਚਾਰਜ ਦਾ ਵੀ ਜੰਮ ਕੇ ਵਿਰੋਧ ਕੀਤਾ ਗਿਆ।
ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਵਲਟੋਹਾ ਦੇ ਪ੍ਰਧਾਨ ਮੇਹਰ ਸਿੰਘ ਤਲਵੰਡੀ ਅਤੇ ਸੁਖਦੇਵ ਸਿੰਘ ਦੁਬਲੀ ਦਲਬੀਰ ਸਿੰਘ ਭੂਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਪ੍ਰਤੀ ਗਲਤ ਬਿਆਨਬਾਜੀ ਕੀਤੀ ਜਾ ਰਹੀ ਹੈ ਜੋ ਕਿਸਾਨ ਜਥੇਬੰਦੀਆਂ ਕਦੇ ਬਰਦਾਸ਼ਤ ਨਹੀਂ ਕਰਨਗੀਆਂ ।
ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨਾਂ ਦੀ ਜਾਇਦਾਦ ਦੀ ਜਾਂਚ ਕਰਨ ਦੇ ਦਿੱਤੇ ਗਏ ਬਿਆਨ ਨੂੰ ਲੈ ਕੇ ਉਹ ਸੰਤੁਸ਼ਟ ਹਨ । ਉਹਨਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਦੀ ਜਾਇਦਾਦ ਦੀ ਜਾਂਚ ਹੋਵੇ ਅਤੇ ਦੂਜੇ ਪਾਸੇ ਸਾਰੇ ਮੰਤਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨਾਂ ਕੋਲ ਇੰਨੀ ਜਾਇਦਾਦ ਕਿੱਥੋਂ ਆਈ ਹੈ ।
ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਲਗਾਤਾਰ ਕਿਸਾਨਾਂ ਪ੍ਰਤੀ ਆਪਣਾ ਜਹਿਰ ਉਗਲ ਰਹੇ ਹਨ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਬਠਿੰਡਾ ਦੇ ਪਿੰਡ ਰਾਏ ਕੇ ਕਲਾਂ ਵਿਖੇ ਦੇਰ ਰਾਤ ਕਿਸਾਨਾਂ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਕਰਨਾ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਪੁੱਤਾ ਵਾਂਗ ਪਾਲਿਆ ਝੋਨਾ ਚੁੱਕਣ ਦੀ ਬਜਾਏ ਕਿਸਾਨਾਂ ਨੂੰ ਮੰਡੀਆਂ ਵਿੱਚ ਹੀ ਮਾਰਨ ਤੇ ਤੁਲੀ ਹੋਈ ਹੈ।