ਜੈਵਿਕ ਖੇਤੀ ਦੀ ਸਫਲ ਕਹਾਣੀ - ਗੁਰਜੀਤ ਸਿੰਘ ਧੀਰ ਪਿੰਡ ਮਾਜਰੀ ਜੱਟਾਂ (ਖਾਲਿਦਪੁਰ)
- ਬਿਨ੍ਹਾਂ ਡੀਏਪੀ ਯੂਰੀਆ ਤੋਂ ਕਰ ਰਹੇ ਹਨ ਜੈਵਿਕ ਖੇਤੀ
ਰੂਪਨਗਰ, 12 ਨਵੰਬਰ 2024: ਮਿਹਨਤ ਅਤੇ ਲਗਨ ਨਾਲ ਜ਼ਿੰਦਗੀ ਨੂੰ ਬਦਲਿਆ ਤੇ ਸਵਾਰਿਆ ਜਾ ਸਕਦਾ ਹੈ, ਇਸੇ ਗੱਲ ਨੂੰ ਸੱਚ ਕਰਕੇ ਦਿਖਾਇਆ ਜ਼ਿਲ੍ਹਾ ਰੋਪੜ ਦੇ ਪਿੰਡ ਮਾਜਰੀ ਜੱਟਾਂ (ਖਾਲਿਦਪੁਰ) ਦੇ ਰਹਿਣ ਵਾਲੇ ਕਿਸਾਨ ਸ. ਗੁਰਜੀਤ ਸਿੰਘ ਧੀਰ ਤੇ ਉਨ੍ਹਾਂ ਦੇ ਪਰਿਵਾਰ ਨੇ, ਜੋ ਕਿ ਲਗਭਗ 20 ਏਕੜ ਵਿੱਚ ਬਿਨ੍ਹਾਂ ਡੀਏਪੀ ਯੂਰੀਆ ਤੋਂ ਜੈਵਿਕ ਖੇਤੀ ਕਰ ਰਹੇ ਹਨ ਇਸ ਵਿੱਚ ਉਹ ਮੌਸਮੀ ਸਬਜ਼ੀਆਂ ਕਣਕ ਬਾਸਮਤੀ ਮੱਕੀ ਫਲ ਆਦਿ ਦੀ ਖੇਤੀ ਕਰਦੇ ਹਨ, ਜਿਸ ਦਾ 70 ਫ਼ੀਸਦੀ ਹਿੱਸਾ ਉਹ ਆਪਣੇ ਫਾਰਮ ਤੋਂ ਹੀ ਵੇਚ ਦਿੰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸ. ਗੁਰਜੀਤ ਸਿੰਘ ਧੀਰ ਨੇ ਦੱਸਿਆ ਕਿ ਉਹ ਡੀਏਪੀ ਅਤੇ ਹੋਰ ਰਸਾਇਣਿਕ ਖਾਦਾਂ ਦੀ ਜਗ੍ਹਾ ਆਪਣੇ ਹੀ ਫਾਰਮ ਉੱਤੇ ਜੈਵਿਕ ਖਾਦ ਤੇ ਜੈਵਿਕ ਰਸਾਇਣ ਬਣਾਉਂਦੇ ਹਨ, ਜਿਸ ਵਿੱਚ ਉਹ ਬਚੀਆਂ ਹੋਈਆਂ ਫਲ ਸਬਜ਼ੀਆਂ ਦੀ ਵਰਤੋਂ ਕਰਦੇ ਹਨ ਤੇ ਫਸਲਾਂ ਦੀ ਰਹਿੰਦ ਖੂੰਦ ਨੂੰ ਵੀ ਮਿੱਟੀ ਵਿੱਚ ਹੀ ਮਿਲਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਬਰ ਦੀ ਖਾਦ, ਵਰਮੀ ਕੰਪੋਸਟ ਦੇ ਨਾਲ ਖੇਤ ਵਿੱਚ ਯੂਰੀਆ ਅਤੇ ਹੋਰ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਲੋੜ ਨਹੀਂ ਰਹਿੰਦੀ ਤੇ ਫਸਲ ਦੀ ਉਪਜ ਵੀ ਉੱਤਮ ਬਣੀ ਰਹਿੰਦੀ ਹੈ। ਇਸ ਦੇ ਨਾਲ-ਨਾਲ ਕਿਸਾਨ ਨੇ ਆਪਣਾ ਆਪਣੇ ਜੈਵਿਕ ਖੇਤਾਂ ਦੀ ਰਜਿਸਟਰੇਸ਼ਨ ਪੰਜਾਬ ਐਗਰੋ ਵੱਲੋਂ ਕੀਤੀ ਜਾ ਰਹੀ ਫਰੀ ਸਰਟੀਫਿਕੇਸ਼ਨ ਵੀ ਕਰਵਾਈ ਹੋਈ ਹੈ ਜਿਸ ਦੁਆਰਾ ਉਹ ਆਪਣੇ ਉਪਜ ਖਪਤਕਾਰਾਂ ਨੂੰ ਸਿੱਧਾ ਕਿਸਾਨ ਮੰਡੀ ਵਿਚ ਵੇਚਦੇ ਹਨ।
ਉਹ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਕਿਸਾਨਾਂ ਨੂੰ ਜਾਗਰੂਕ ਅਤੇ ਸਿਖਲਾਈ ਮੁਫਤ ਦਿੰਦੇ ਹਨ। ਸ. ਗੁਰਜੀਤ ਸਿੰਘ ਧੀਰ ਨੂੰ ਇਸ ਸੰਬੰਧ ਵਿੱਚ ਵੱਖ-ਵੱਖ ਸੰਸਥਾਵਾਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।