ਸਰਕਾਰ ਦੀ ਸਿਆਸੀ ਫਸਲ ਸੁੱਕਣ ਦੇ ਡਰੋਂ ਖਰੀਦ ਏਜੰਸੀਆਂ ਨੇ ਮਿੰਟੋ ਮਿੰਟੀ ਖਰੀਦਿਆ ਝੋਨਾ
ਅਸ਼ੋਕ ਵਰਮਾ
ਬਠਿੰਡਾ, 12 ਨਵੰਬਰ 2024: ਬਠਿੰਡਾ ਜਿਲ੍ਹੇ ਦੇ ਪਿੰਡ ਰਾਏਕੇ ਕਲਾਂ ’ਚ ਬੀਤੀ ਦੇਰ ਸ਼ਾਮ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਕਾਰਨ ਜਿਮਨੀ ਚੋਣਾਂ ਦੌਰਾਨ ਸਿਆਸੀ ਫਸਲ ਸੁੱਕਣ ਅਤੇ ਕਿਸਾਨਾਂ ਵੱਲੋਂ ਅੰਦਰੋ ਅੰਦਰੀ ਕੀਤੀ ਤਿੱਖੇ ਸੰਘਰਸ਼ ਦੀ ਵਿਉਂਤਬੰਦੀ ਬਾਰੇ ਸੂਹ ਲੱਗਦਿਆਂ ਉੱਪਰੋਂ ਆਏ ਜੁਬਾਨੀ ਹੁਕਮਾਂ ਤਹਿਤ ਅੱਜ ਖਰੀਦ ਏਜੰਸੀਆਂ ਨੇ ਮੰਡੀ ’ਚ ਪਿਆ ਲੱਗਭਗ ਸਮੁੱਚਾ ਝੋਨਾ ਮਿੰਟੋ ਮਿੰਟੀ ਖਰੀਦਣ ’ਚ ਦੇਰ ਨਾਂ ਲਾਈ। ਪ੍ਰਸ਼ਾਸ਼ਨ ਦੇ ਤਾਂ ਅੱਜ ਥਾਣਾ ਨੰਦਗੜ੍ਹ ’ਚ ਦਰਜ ਪੁਲਿਸ ਕੇਸ ਦਾ ਦਬਾਅ ਵੀ ਕਿਸੇ ਕੰਮ ਨਾਂ ਆਇਆ ਅਤੇ ਕਿਸਾਨੀ ਰੋਹ ਅੱਗੇ ਪ੍ਰਸ਼ਾਸ਼ਨ ਨੂੰ ਝੁਕਣਾ ਪਿਆ। ਬੀਤੀ ਸ਼ਾਮ ਦੀ ਲਾਠੀਚਾਰਜ ਦੀ ਘਟਨਾਂ ਉਪਰੰਤ ਅੱਜ ਕਿਸਾਨਾਂ ਵੱਲੋਂ ਰਾਏਕੇ ਕਲਾਂ ਦੀ ਅਨਾਜ ਮੰਡੀ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਕੱਠ ਸੱਦਿਆ ਗਿਆ ਸੀ ਜਿਸ ’ਚ ਵੱਡੀ ਗਿਣਤੀ ਕਿਸਾਨ ਬੀਬੀਆਂ ਸ਼ਾਮਲ ਹੋਈਆਂ।
ਇਸ ਮੌਕੇ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪੁਲਿਸ ਕੇਸਾਂ ਦੀ ਕੋਈ ਪ੍ਰਵਾਹ ਨਹੀਂ ਚਾਹੇ ਤਾਂ ਪ੍ਰਸ਼ਾਸ਼ਨ ਹੋਰ ਵੀ ਮੁਕੱਦਮੇ ਦਰਜ ਕਰ ਸਕਦਾ ਹੈ। ਉਨ੍ਹਾਂ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਪੁਲਿਸ ਦੀ ਗੱਡੀ ਭੰਨਣ ਦੇ ਮਾਮਲੇ ’ਚ ਪੁਲਿਸ ਨੂੰ ਹੀ ਕਟਹਿਰੇ ’ਚ ਖੜ੍ਹਾਇਆ। ਉਨ੍ਹਾਂ ਕਿਹਾ ਕਿ ਵਿੰਗੇ ਟੇਢੇ ਢੰਗਾਂ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਅਨਾਜ ਦੀ ਸਰਕਾਰੀ ਖਰੀਦ ਬੰਦ ਕਰਕੇ ਇਸ ਨੂੰ ਖੁੱਲੀ ਮੰਡੀ ਦੇ ਹਵਾਲੇ ਕਰਨ ਦੀ ਸਕੀਮ ਬਣਾ ਰਹੀ ਹੈ ਤਾਂ ਜੋ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹੋ ਹਾਲ ਰਾਏਕੇ ਕਲਾਂ ’ਚ ਹੋਇਆ ਹੈ ਜਿੱਥੇ ਕਾਟ ਕਟਾਉਣ ਨਾਲ ਹਰ ਤਰਾਂ ਦਾ ਝੋਨਾਂ ਚੰਗਾ ਬਣ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹੀ ਝੋਨਾ ਸਰਕਾਰੀ ਭਾਅ ਤੇ ਵੇਚਣ ਦੀ ਗੱਲ ਕਰਨ ਵੇਲੇ ਕਦੇ ਨਮੀ ਤੇ ਕਦੀ ਹੋਰ ਬਹਾਨਿਆਂ ਨਾਲ ਫਸਲ ਖਰੀਦਣ ਤੋਂ ਨੱਕ ਬੁੱਲ੍ਹ ਵੱਟਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਰਕਾਰ ਨੂੰ ਇਹ ਪਤਾ ਲੱਗ ਗਿਆ ਹੈ ਕਿ ਜੇਕਰ ਕਿਸਾਨਾਂ ਦੀ ਫਸਲ ਨਾਂ ਵਿਕੀ ਤਾਂ ਚੋਣਾਂ ’ਚ ਨੁਕਸਾਨ ਝੱਲਣਾ ਪਵੇਗਾ ਤਾਂ ਇਸ ਖਰੀਦ ਕੇਂਦਰ ’ਚ ਅੱਜ ਪਨਸਪ ਅਤੇ ਪਨ ਗ੍ਰੇਨ ਦੇ ਖਰੀਦ ਅਧਿਕਾਰੀਆਂ ਨੇ 13 ਹਜ਼ਾਰ ਗੱਟੇ ਤੋਂ ਵੱਧ ਫਸਲ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਫਸਲ ਨੂੰ ਜਲਦੀ ਤੋਂ ਜਲਦੀ ਗੱਟਿਆਂ ’ਚ ਭਰਨ ਅਤੇ ਚੁਕਵਾਉਣ ਦਾ ਭਰੋਸਾ ਵੀ ਦਿਵਾਇਆ ਹੈ। ਉਨ੍ਹਾਂ ਕਿਸਾਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਇਹ ਸਿਰਫ ਅੱਜ ਦੀ ਕਹਾਣੀ ਨਹੀਂ ਬਲਕਿ ਹੁਣ ਆਪਣੀਆਂ ਫਸਲਾਂ ਵੇਚਣ ਲਈ ਆਪਣੇ ਆਪ ਨੂੰ ਲੋਕ ਘੋਲਾਂ ਲਈ ਤਿਆਰ ਰੱਖਣਾ ਹੋਵੇਗਾ।
ਸਾਲ 2000 ਦੀ ਮਿਸਾਲ ਦਿੰਦਿਆਂ ਕਿਸਾਨ ਆਗੂ ਨੇ ਕਿਹਾ ਕਿ ਉਦੋਂ ਵੀ ਅੱਜ ਵਾਲੇ ਹਾਲਾਤ ਸਨ ਅਤੇ ਸਰਕਾਰ ਨੇ ਝੋਨਾ ਚੱਕਣ ਤੋਂ ਜਵਾਬ ਦੇ ਦਿੱਤਾ ਸੀ ਪਰ ਕਿਸਾਨ ਜੱਥੇਬੰਦੀ ਨੇ ਸੰਘਰਸ਼ ਦੇ ਜੋਰ ਤੇ ਐਫਸੀਆਈ ਦੇ ਵੱਡੇ ਅਧਿਕਾਰੀ ਦਾ ਘਿਰਾਓ ਕਰਕੇ ਸਰਕਾਰ ਨੂੰ ਦਾਣਾ ਦਾਣਾ ਚੱਕਣ ਲਈ ਮਜਬੂਰ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਹਰ ਸਾਲ ਕਦੇ ਡਿਸਕਲਰ ਦਾਣੇ, ਡੈਮੇਜ ਦਾਣੇ ਜਾਂ ਵੱਧ ਨਮੀ ਦਾ ਬਹਾਨਾ ਲਾ ਕੇ ਫਾਸਲ ਖਰੀਦਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ ਅਤੇ ਖਰੀਦ ਤੇ ਸ਼ਰਤਾਂ ਕਰੜੀਆਂ ਕੀਤੀਆਂ ਜਾ ਰਹੀਆਂ ਹਨ ਪਰ ਸੰਘਰਸ਼ ਦੇ ਦਬਾਅ ਹੇਠ ਹਰ ਸਾਲ ਸਰਕਾਰੀ ਖਰੀਦ ਤੇ ਫਸਲਾਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਜੋਰ ਦੇਕੇ ਕਿਹਾ ਕਿ ਇਸ ਵਕਤ ਧੂੰਏ ਕਾਰਨ ਢਕਿਆ ਹੋਣ ਕਰਕੇ ਸੂਰਜ ਵੀ ਕਿਸਾਨਾਂ ਦੇ ਝੋਨੇ ਨੂੰ ਸੁਕਾਉਣ ਤੋਂ ਅਸਮਰੱਥ ਹੋ ਗਿਆ ਹੈ ।
ਇਸ ਲਈ ਸੰਘਰਸ਼ਾਂ ਦੇ ਜੋਰ ਤੇ ਹੀ ਫਸਲ ਦੀ ਨਮੀਂ ਕੱਢਣੀ ਪਵੇਗੀ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤ ਕਾਰਨ ਦੂਸਰਾ ਕੋਈ ਚਾਰਾ ਹੀ ਨਹੀਂ ਬਚਿਆ ਹੈ। ਉਹਨਾਂ ਸਰਕਾਰਾਂ ਤੇ ਦੋਸ਼ ਲਾਇਆ ਕਿ ਇਹ ਸਭ ਕੁਝ ਪਿਛਲੇ ਸਾਲਾਂ ਚ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਜਿਨਾਂ ਨੂੰ ਦੇਸ਼ ਦੇ ਕਿਸਾਨਾਂ ਤੇ ਹੋਰ ਸੰਘਰਸ਼ੀ ਲੋਕਾਂ ਵੱਲੋਂ, ਦਿੱਲੀ ਦੇ ਬਾਰਡਰਾਂ ਤੇ ਇੱਕ ਸਾਲ ਤੋਂ ਵੱਧ ਸਮਾਂ ਮੋਰਚਾ ਲਾ ਕੇ ਵਾਪਸ ਕੀਤਾ ਸੀ, ਨੂੰ ਚੋਰ ਮੋਰੀ ਰਾਹੀਂ ਲਾਗੂ ਕਰਕੇ ਝੋਨੇ ਦੀ ਖਰੀਦ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕੇਂਦਰੀ ਤੇ ਪੰਜਾਬ ਦੋਨਾਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਹੈ। ਕਿਸਾਨ ਆਗੂ ਨੇ ਸਮੂਹ ਪੰਜਾਬੀਆਂ ਖਾਸ ਤੌਰ ਤੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਮਸਲਿਆਂ ਤੇ ਮੰਗਾਂ ਦੀ ਪੂਰਤੀ ਖਾਤਰ ਸੰਘਰਸ਼ਾਂ ਦੇ ਰਾਹ ਪੈਣ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।