ਪੰਜਾਬੀ ਯੂਨੀਵਰਸਿਟੀ ਵਿਖੇ ਦਸਵਾਂ 'ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ' ਸਫਲਤਾਪੂਰਵਕ ਸੰਪੰਨ
- ਸ਼ਾਸਤਰੀ ਗਾਇਨ ਦੇ ਵੱਖ-ਵੱਖ ਘਰਾਣਿਆਂ ਤੋਂ ਪੁੱਜੇ ਫ਼ਨਕਾਰਾਂ ਨੇ ਕੀਲੇ ਦਰਸ਼ਕ
- ਵਿਦਿਅਕ ਪ੍ਰੋਗਰਾਮ ਵਿਦਿਆਰਥੀਆਂ ਦੇ ਵਿਕਾਸ ਲਈ ਵਿਸ਼ੇਸ਼ ਮਹੱਤਤਾ ਰੱਖਦੇ- ਪ੍ਰੋ ਮੁਲਤਾਨੀ
ਪਟਿਆਲਾ, 12 ਨਵੰਬਰ 2024 - ਪੰਜਾਬੀ ਯੂਨੀਵਰਸਿਟੀ ਵਿਖੇ ਦਸਵਾਂ ‘ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ’ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਇਸ ਸੰਮੇਲਨ ਦੇ ਆਯੋਜਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਅਕ ਪ੍ਰੋਗਰਾਮ ਵਿਦਿਆਰਥੀਆਂ ਦੇ ਵਿਕਾਸ ਲਈ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਇਹ ਪ੍ਰੋਗਰਾਮ ਯੂਨੀਵਰਸਿਟੀ ਦਾ ਵਿਸ਼ੇਸ਼ ਖਾਸਾ ਹਨ ਅਤੇ ਅਜਿਹੇ ਵੱਕਾਰੀ ਪ੍ਰੋਗਰਾਮਾਂ ਦੀ ਸੁਗੰਧ ਹੋਰ ਦੂਰ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਵੱਖ-ਵੱਖ ਥਾਵਾਂ ਤੋਂ ਸੰਗੀਤ ਪ੍ਰੇਮੀ ਇਸ ਦਾ ਲਾਹਾ ਲੈ ਸਕਣ।
ਸੰਗੀਤ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕਰਵਾਏ ਗਏ ਸੰਮੇਲਨ ਦੀ ਸ਼ੁਰੂਆਤ ਮੁੰਬਈ ਤੋਂ ਪਹੁੰਚੀ ਕਿਰਾਨਾ ਘਰਾਣੇ ਦੀ ਪ੍ਰਸਿੱਧ ਫ਼ਨਕਾਰ ਡਾ. ਚੇਤਨਾ ਪਾਠਕ ਵੱਲੋਂ ਦਿੱਤੀ ਗਈ ਸ਼ਾਸ਼ਤਰੀ ਗਾਇਨ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ਼ ਹੋਈ।
ਦੂਜੇ ਦਿਨ ਲੁਧਿਆਣਾ ਤੋਂ ਪੁੱਜੇ ਸ਼ਾਸਤਰੀ ਗਾਇਨ ਵੋਕਲ ਦੇ ਫ਼ਨਕਾਰ ਸ਼੍ਰੀ ਚਮਨ ਲਾਲ ਭੱਲਾ ਅਤੇ ਪੂਨਾ ਤੋਂ ਪੁੱਜੇ ਸਿਤਾਰ ਵਾਦਕ ਉਸਤਾਦ ਸ਼ਾਕਿਰ ਖ਼ਾਨ, ਜੋ ਕਿ ਇਟਾਵਾ ਘਰਾਣੇ ਤੋੰ ਉਸਤਾਦ ਸ਼ਾਹਿਦ ਪਰਵੇਜ਼ ਦੇ ਪੁੱਤਰ ਅਤੇ ਸ਼ਾਗਿਰਦ ਹਨ, ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਗਿਆ।
ਸੰਮੇਲਨ ਦਾ ਆਗ਼ਾਜ਼ ਵਿਭਾਗ ਦੇ ਵਿਦਿਆਰਥੀਆਂ ਵਲੋਂ ਉੱਘੇ ਸੰਗੀਤ ਵਿਦਵਾਨ ਅਤੇ ਰਚਨਾਕਾਰ ਪ੍ਰੋ. ਤਾਰਾ ਸਿੰਘ ਦੀਆਂ ਬੰਦਿਸ਼ਾਂ ਦੇ ਗਾਇਨ ਦੁਆਰਾ ਕੀਤਾ ਗਿਆ ਜਿਸਦੀ ਪੇਸ਼ਕਾਰੀ ਪ੍ਰੋ. ਨਿਵੇਦਿਤਾ ਉੱਪਲ ਦੀ ਨਿਗਰਾਨੀ ਵਿਚ ਸੰਪਨ ਹੋਈ। ਤਬਲਾ ਸੰਗਤੀ ਸ. ਨਰਿੰਦਰਪਾਲ ਸਿੰਘ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ਼ਿਰਕਤ ਅੰਬਾਲਾ ਕੈਂਟ ਦੀ ਪ੍ਰਸਿੱਧ ਸੰਗੀਤ ਸੰਸਥਾ ਸੰਗੀਤਾਲੋਕ ਦੇ ਪ੍ਰਧਾਨ ਸ੍ਰੀ ਸੋਮਦੇਵ ਗੁਪਤਾ ਅਤੇ ਡਾ. ਮਧੂ ਭਟਨਾਗਰ, ਰਿਟਾ. ਪ੍ਰਿੰਸੀਪਲ, ਆਰੀਆ ਗਰਲਜ਼ ਕਾਲਜ, ਅੰਬਾਲਾ ਕੈਂਟ ਨੇ ਕੀਤੀ। ਮੁੰਬਈ ਤੋਂ ਪਧਾਰੀ ਵਿਦੁਸ਼ੀ ਡਾ. ਪ੍ਰਭਾ ਅਤਰੇ ਦੀ ਅਤਿਅੰਤ ਪ੍ਰਤਿਭਾਸ਼ਾਲੀ ਸ਼ਾਗਿਰਦ ਡਾ. ਚੇਤਨਾ ਪਾਠਕ ਨੇ ਆਪਣੇ ਸੁਲਝੇ ਹੋਏ ਮਧੁਰ ਗਾਇਨ ਦਾ ਆਰੰਭ ਰਾਗ ਮਧੁਵੰਤੀ ਨਾਲ ਕੀਤਾ ਅਤੇ ਇਸ ਵਿਚ ਤਿੰਨ ਰਚਨਾਵਾਂ ਦਾ ਗਾਇਨ ਕੀਤਾ। ਉਪਰੰਤ ਰਾਗ ਪੂਰੀਆ ਧਨਾਸਰੀ ਵਿਚ ਦੋ ਬੰਦਿਸ਼ਾਂ ਦੇ ਗਾਇਨ ਤੋਂ ਬਾਅਦ ਅੰਤ ਵਿਚ "ਜਮੁਨਾ ਕਿਨਾਰੇ ਮੋਰਾ ਗਾਂਵ" ਮਨਮੋਹਕ ਦਾਦਰਾ ਸ਼ੈਲੀ ਦੀ ਪੇਸ਼ਕਾਰੀ ਦਿੱਤੀ। ਹਾਰਮੋਨੀਅਮ ਉੱਤੇ ਸੁਚੱਜੀ ਸੰਗਤੀ ਡਾ. ਤਰੁਨ ਜੋਸ਼ੀ ਨੇ ਅਤੇ ਤਬਲਾ ਸੰਗਤੀ ਸ੍ਰੀ ਜੈਦੇਵ ਨੇ ਪ੍ਰਦਾਨ ਕੀਤੀ। ਪ੍ਰੋ. ਤਾਰਾ ਸਿੰਘ ਦੀ ਸਪੁੱਤਰੀ ਸ੍ਰੀਮਤੀ ਕਮਲ ਨੈਨ ਸੋਹਲ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ। ਲੁਧਿਆਣਾ ਤੋਂ ਪਧਾਰੇ ਪੰਜਾਬ ਦੇ ਵਿਖਿਆਤ ਸੰਗੀਤਕਾਰ ਪ੍ਰੋ. ਚਮਨ ਲਾਲ ਭੱਲਾ ਨੇ ਗਾਇਨ ਪੇਸ਼ਕਾਰੀ ਦਿੱਤੀ। ਸੰਗੀਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਪ੍ਰੋ. ਭੱਲਾ ਨੇ ਰਾਗ ਪੂਰੀਆ ਧਨਾਸਰੀ ਵਿਚ ਰਚਨਾਵਾਂ ਦਾ ਮਧੁਰ ਗਾਇਨ ਕੀਤਾ। ਉਪਰੰਤ ਰਾਗ ਮਾਰਵਾ ਦੀ ਪੇਸ਼ਕਾਰੀ ਕੀਤੀ ਅਤੇ ਅੰਤ ਵਿਚ ਇੱਕ ਦਾਦਰਾ ਦਾ ਗਾਇਨ ਕੀਤਾ। ਤਬਲੇ ਉੱਤੇ ਸੰਗਤੀ ਸ੍ਰੀ ਨਰਿੰਦਰ ਪਾਲ ਸਿੰਘ ਅਤੇ ਹਾਰਮੋਨੀਅਮ ਉੱਤੇ ਜਨਾਬ ਅਲੀ ਅਕਬਰ ਰਹੇ। ਸੰਮੇਲਨ ਦਾ ਮੁੱਖ ਆਕਰਸ਼ਣ ਪੁਣੇ ਤੋਂ ਪਧਾਰੇ ਸਿਤਾਰ ਵਾਦਕ ਉਸਤਾਦ ਸ਼ਾਕਿਰ ਖ਼ਾਨ ਨੇ ਅਤਿਅੰਤ ਪ੍ਰਭਾਵਸਾਲੀ ਸਿਤਾਰ ਵਾਦਨ ਪ੍ਰਸਤੁਤ ਕੀਤਾ। ਆਪ ਨੇ ਰਾਗ ਯਮਨ ਵਿਚ ਤਿੰਨ ਬੰਦਿਸ਼ਾਂ ਦੀ ਪ੍ਰਸਤੁਤੀ ਦੇਣ ਉਪਰੰਤ ਰਾਗ ਮਿਸ਼ਰ ਪੀਲੂ ਦੀ ਇੱਕ ਧੁਨ ਨਾਲ ਸਮਾਪਤੀ ਕੀਤੀ।
ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਅਲੰਕਾਰ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਦੇ ਪਰਿਵਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੰਡੋਮੈਂਟ ਫੰਡ ਵਜੋਂ ਦਸ ਲੱਖ ਰੁਪਏ ਦੀ ਮਦਦ ਦਿੱਤੀ ਹੋਈ ਹੈ ਜਿਸ ਦੇ ਵਿਆਜ ਨਾਲ਼ ਹਰ ਸਾਲ ਇਹ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ।
ਸੰਮੇਲਨ ਦੀ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਉੱਪਲ ਨੇ ਇਸ ਸੰਮੇਲਨ ਦੇ ਮਹੱਤਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪ੍ਰੋ. ਤਾਰਾ ਸਿੰਘ ਦੇ ਪਰਿਵਾਰ ਦੇ ਸਹਿਯੋਗ ਸਦਕਾ ਲਗਤਾਰਤਾ ਨਾਲ਼ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਵਾਰ ਕੌਮਾਂਤਰੀ ਪੱਧਰ ਦੇ ਫ਼ਨਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਹਨ।
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਅਸਿਸਟੈਂਟ ਕਮਿਸ਼ਨਰ, ਜਨਰਲ, ਪਟਿਆਲਾ, ਸ੍ਰੀ ਕਿਰਪਾਲਵੀਰ ਸਿੰਘ ਨੇ ਵਿਭਾਗ ਦੇ ਜਤਨਾਂ ਦੀ ਸ਼ਲਾਘਾ ਕਰਦੇ ਹੋਏ ਅਜਿਹੇ ਵਿਰਾਸਤੀ ਕਾਰਜਾਂ ਲਈ ਪ੍ਰਸ਼ਾਸਨ ਦੀ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰੋ. ਨਿਵੇਦਿਤਾ ਉੱਪਲ, ਪ੍ਰੋ. ਰਜਿੰਦਰ ਗਿੱਲ, ਪ੍ਰੋ. ਸੁਰਜੀਤ ਸਿੰਘ ਭੱਟੀ, ਡਾ. ਮਨਮੋਹਨ ਸ਼ਰਮਾ, ਡਾ. ਜਯੋਤੀ ਸ਼ਰਮਾ, ਸ੍ਰੀਮਤੀ ਵਨੀਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਸ੍ਰੋਤੇ ਹਾਜ਼ਰ ਸਨ।