ਪੀਏਯੂ ਯੁਵਕ ਮੇਲੇ ਦੇ ਦੂਸਰੇ ਦਿਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਭਰਪੂਰ ਪ੍ਰਦਰਸ਼ਨ ਕੀਤਾ
ਲੁਧਿਆਣਾ, 12 ਨਵੰਬਰ, 2024 - ਪੀ ਏ ਯੂ ਦੇ ਸਲਾਨਾ ਯੁਵਕ ਮੇਲੇ ਦੇ ਦੂਸਰੇ ਦਿਨ ਅੱਜ ਵਿਦਿਆਰਥੀਆਂ ਨੇ ਵਿਭਿੰਨ ਕਲਾ ਵੰਨਗੀਆਂ ਪ੍ਰਦਰਸ਼ਿਤ ਕੀਤੀਆਂ। ਸ਼ਾਨਦਾਰ ਰੰਗਾਂ ਰਾਹੀਂ ਸਿਰਜਣਾਤਮਕਤਾ ਅਤੇ ਕਲਾਤਮਕਤਾ ਕਾਬਲੀਅਤਾਂ ਦੇ ਸੁਮੇਲ ਨੇ ਦਰਸ਼ਕਾਂ ਨੂੰ ਕੀਲ ਲਿਆ। ਫੋਟੋਗ੍ਰਾਫੀ, ਕੋਲਾਜ ਮੇਕਿੰਗ, ਸਿਰਜਣਾਤਮਕ ਲੇਖਣ, ਕਾਰਟੂਨਿੰਗ ਅਤੇ ਰੰਗੋਲੀ ਦੇ ਮੁਕਾਬਲਿਆਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ। ਨੌਜਵਾਨਾਂ ਫੋਟੋਕਾਰਾਂ ਨੇ ਕ੍ਰਮਵਾਰ ਰੁੱਖਾਂ ਦੇ ਤਣੇ ਵਿੱਚ ਲੁਕੀ ਸੁੰਦਰਤਾ ਅਤੇ ਧੁੰਦ ਵਾਲੇ ਖੇਤ ਵਿਸ਼ਿਆਂ 'ਤੇ ਆਪਣੇ ਫੋਟੋਗ੍ਰਾਫੀ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਪੀਏਯੂ ਦੇ ਕਾਲਜਾਂ ਦੇ ਵਿਦਿਆਰਥੀ, ਜਿਵੇਂ ਕਿ ਖੇਤੀਬਾੜੀ ਕਾਲਜ, ਬਾਗਬਾਨੀ ਅਤੇ ਜੰਗਲਾਤ ਕਾਲਜ , ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ , ਬੇਸਿਕ ਸਾਇੰਸਜ਼ ਕਾਲਜ, ਕਮਿਊਨਿਟੀ ਸਾਇੰਸ ਕਾਲਜ ਅਤੇ ਬਾਹਰੀ ਸੰਸਥਾਵਾਂ ਦੇ ਮੁਕਾਬਲੇਬਾਜ਼ਾਂ ਨੇ ਉਤਸ਼ਾਹ ਅਤੇ ਜੋਸ਼ ਨਾਲ ਵੰਨਗੀਆਂ ਵਿਚ ਭਾਗ ਲਿਆ।
ਯੁਵਕ ਮੇਲਿਆਂ ਵਿਚ ਅੱਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਨੌਜਵਾਨਾਂ ਨੂੰ ਜੀਵਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੌਰਾਨ ਆਸ਼ਾਵਾਦੀ ਹੋਣ, ਆਪਣੇ-ਆਪਣੇ ਕਿੱਤੇ ਪ੍ਰਤੀ ਇਮਾਨਦਾਰ ਅਤੇ ਸਮਰਪਿਤ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਚੌਪੱਖੀ ਪ੍ਰਤਿਭਾ ਅਤੇ ਯੋਗਤਾ ਦਾ ਹੈ ਤੇ ਸਵੈ ਵਿਕਾਸ ਦਾ ਕੋਈ ਮੌਕਾ ਵਿਦਿਆਰਥੀਆਂ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ।
ਕੱਲ੍ਹ ਸ਼ਾਮ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ: ਮਨਜੀਤ ਸਿੰਘ ਨੇ ਨੌਜਵਾਨ ਕਲਾਕਾਰਾਂ ਵਲੋਂ ਯੋਗਤਾ ਦੇ ਅਸਾਧਾਰਣ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਉਪਰੰਤ ਦੋਵਾਂ ਪਤਵੰਤਿਆਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਵੰਡੇ।
ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਵਿੱਚ ਬਾਗਬਾਨੀ ਕਾਲਜ ਦੀ ਤਨਵੀ ਭਾਟੀਆ, ਖੇਤੀਬਾੜੀ ਕਾਲਜ ਦੀ ਰਾਧਿਕਾ ਰਾਣੀ ਅਤੇ ਕਮਿਊਨਿਟੀ ਸਾਇੰਸ ਕਾਲਜ ਦੀ ਪੁੰਨਿਆ ਸੂਦ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦੋਂ ਕਿ ਕਲੇਅ ਮਾਡਲਿੰਗ ਵਿੱਚ ਕਮਿਊਨਿਟੀ ਸਾਇੰਸ ਕਾਲਜ ਦੀ ਤੀਸ਼ਾ , ਬੇਸਿਕ ਸਾਇੰਸ ਕਾਲਜ ਦੀ ਜਸਪ੍ਰੀਤ ਕੌਰ ਅਤੇ ਖੇਤੀਬਾੜੀ ਕਾਲਜ ਦੇ ਕਰਮਪਾਲ ਸਿੰਘ ਨੂੰ ਕ੍ਰਮਵਾਰ ਪਹਿਲੇ ਤਿੰਨ ਸਥਾਨ ਮਿਲੇ। ਖੇਤੀਬਾੜੀ ਕਾਲਜ ਦੀ ਅੰਸ਼ਿਧਾ , ਕਮਿਊਨਿਟੀ ਸਾਇੰਸ ਕਾਲਜ ਦੀ ਜਸ਼ਨਪ੍ਰੀਤ ਕੌਰ ਅਤੇ ਬਾਗਬਾਨੀ ਕਾਲਜ ਦੀ ਵਿਧੀ ਕਸ਼ਯਪ ਨੇ ਡੂਡਲਿੰਗ ਵਿੱਚ ਚੋਟੀ ਦੇ ਤਿੰਨ ਇਨਾਮ ਪ੍ਰਾਪਤ ਕੀਤੇ।
ਫੋਟੋਗ੍ਰਾਫੀ ਵਿੱਚ ਬੇਸਿਕ ਸਾਇੰਸ ਕਾਲਜ ਦੀ ਈਸ਼ਾ , ਕਮਿਊਨਿਟੀ ਸਾਇੰਸ ਕਾਲਜ ਦੀ ਮੀਨਾ ਗੋਇਲ ਅਤੇ ਬਾਗਬਾਨੀ ਕਾਲਜ ਦੇ ਯਸ਼ਿਤ ਨੇ ਸਿਖ਼ਰਲੇ ਤਿੰਨ ਸਥਾਨ ਪ੍ਰਾਪਤ ਕੀਤੇ। ਕੋਲਾਜ ਬਣਾਉਣ ਵਿੱਚ ਪਹਿਲੀ ਥਾਂ ਖੇਤੀ ਇੰਜਨੀਅਰਿੰਗ ਕਾਲਜ ਦੀ ਜਸਨੂਰ ਕੌਰ , ਦੂਜਾ ਸਥਾਨ ਕਮਿਊਨਿਟੀ ਸਾਇੰਸ ਕਾਲਜ ਦੀ ਤੀਸ਼ਾ ਅਤੇ ਤੀਸਰਾ ਸਥਾਨ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਵਰੁਣ ਕਸ਼ਯਪ ਨੂੰ ਮਿਲਿਆ।
ਤਰੁਣ ਕਪੂਰ ( ਖੇਤੀਬਾੜੀ ਕਾਲਜ), ਰਵੀਸ਼ੰਕਰ ਕੁਮਾਰ (ਖੇਤੀ ਇੰਜ ਕਾਲਜ) ਅਤੇ ਗੁਰਸਿਮਰਨ ਸਿੰਘ (ਬਾਗਬਾਨੀ ਕਾਲਜ) ਨੇ ਰਚਨਾਤਮਕ ਲੇਖਣ (ਨਿਬੰਧ) ਵਿੱਚ ਚੋਟੀ ਦੇ ਤਿੰਨ ਇਨਾਮ ਜਿੱਤੇ। ਦਿਲਖੁਸ਼ਪ੍ਰੀਤ ਕੌਰ (ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ), ਆਯੂਸ਼ (ਖੇਤੀਬਾੜੀ ਕਾਲਜ) ਅਤੇ ਨਵਰੀਤ ਕੌਰ (ਬੇਸਿਕ ਸਾਇੰਸਜ਼ ਕਾਲਜ) ਕਵਿਤਾ ਲੇਖਣ ਮੁਕਬਲੇ ਵਿਚ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ । ਕਹਾਣੀ ਲਿਖਣ ਦੇ ਮੁਕਾਬਲੇ ਵਿਚ ਆਰੀਅਨ ਸਰਦਾਨਾ (ਬੇਸਿਕ ਸਾਇੰਸਜ਼ ਕਾਲਜ), ਹਰਮਨਜੋਤ ਸਿੰਘ (ਖੇਤੀਬਾੜੀ ਕਾਲਜ) ਅਤੇ ਪੁੰਨਿਆ ਸੂਦ (ਕਮਿਊਨਿਟੀ ਸਾਇੰਸ ਕਾਲਜ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ।