ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਿਆਸੀ ਆਗੂਆਂ ਦੇ ਘਰਾਂ ਅੱਗੋਂ ਧਰਨੇ ਸਮਾਪਤ
ਅਸ਼ੋਕ ਵਰਮਾ
ਮੁਕਤਸਰ 12 ਨਵੰਬਰ 2024: ਭਾਰਤੀ ਕਿਸਾਨ ਊਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪ ਤੇ ਭਾਜਪਾ ਉਮੀਦਵਾਰਾਂ ਦੀਆਂ ਕੋਠੀਆਂ ਅੱਗੇ ਰੋਸ ਪ੍ਰਦਰਸ਼ਨ ਤੇ ਪੱਕੂ ਮੋਰਚਿਆਂ ਦੀ ਸਮਾਪਤੀ ਕਰ ਦਿੱਤੀ ਹੈ। ਭਾਕਿਯੂ ਏਕਤਾ ਉਗਰਾਹਾਂ ਵੱਲੋਂ ਝੋਨੇ ਦੀ ਰੋਕੀ ਅਦਾਇਗੀ ਸ਼ੁਰੂ ਕਰਨ ਅਤੇ ਪਰਾਲੀ ਸਾੜਨ ਦੇ ਦੁੱਗਣੇ ਕੀਤੇ ਜੁਰਮਾਨੇ ਰੱਦ ਕਰਨ ਤੋਂ ਇਲਾਵਾ ਖ੍ਰੀਦ ਅਤੇ ਚੁਕਾਈਂ ਹੋਰ ਤੇਜ਼ ਕਰਨ ਤੇ ਨਮੀਂ ਹੱਦ 22% ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 15 ਨਵੰਬਰ,ਗਿੱਦੜਬਾਹਾ ਸ਼ਹਿਰ ਜ਼ਿਮਨੀ ਚੋਣ ਹਲਕਿਆਂ ਚ ਵੋਟ ਪਾਰਟੀਆਂ ਦੀ ਮੌਕਾਪ੍ਰਸਤੀ ਵਿਰੁੱਧ ਜ਼ੋਰਦਾਰ ਮੁਹਿੰਮ ਪਿੰਡ ਪਿੰਡ ਅਤੇ ਸ਼ਹਿਰਾਂ ਕਸਬਿਆਂ ਜਾ ਕੇ ਕਾਰਪੋਰੇਟ ਪੱਖੀ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਰੋਸ਼ ਮਾਰਚ ਦੌਰਾਨ ਕੀਤਾ ਜਾਵੇਗਾ ਜਾਗਰੂਕ।
ਜ਼ਿਲ੍ਹਾ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਬਲਾਕ ਗਿੱਦੜਬਾਹਾ ਦੇ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ ਨੇ ਦੱਸਿਆ ਕਿ ਕਿਸਾਨ ਤਾਂ ਪੂਰੀ ਤਰ੍ਹਾਂ ਪੱਕਿਆ ਝੋਨਾ ਹੀ ਵੱਢ ਕੇ ਮੰਡੀਆਂ ਵਿੱਚ ਲਿਆ ਰਹੇ ਹਨ। ਪਰ ਫਿਰ ਵੀ ਨਮੀਂ ਵੱਧ ਰਹਿਣ ਦਾ ਮੂਲ ਕਾਰਨ ਵਾਢੀ ਲੇਟ ਹੋਣ ਕਰਕੇ ਠੰਢ ਅਤੇ ਤ੍ਰੇਲ ਦਾ ਵਧਣਾ ਹੈ।ਲੇਟ ਵਾਢੀ ਦੀ ਜੁੰਮੇਵਾਰੀ ਪੰਜਾਬ ਸਰਕਾਰ ਸਿਰ ਆਉਂਦੀ ਹੈ। ਜਿਸ ਨੇ ਸ਼ਰਤਾਂ ਤਹਿਤ ਬਿਜਲੀ ਸਪਲਾਈ ਬਹੁਤ ਲੇਟ ਦੇ ਕੇ ਬਿਜਾਈ ਲੇਟ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਜੁਝਾਰੂ ਕਿਸਾਨ ਕਾਫਲੇ ਹੁਣ ਮੰਡੀਆਂ ਵਿੱਚ ਡਟ ਕੇ ਪਹਿਰੇਦਾਰੀ ਕਰ ਰਹੇ ਹਨ। ਅਤੇ ਖ੍ਰੀਦ ਜਾਂ ਚੁਕਾਈਂ ਚ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਰਾਲੀ ਦੇ ਅੱਗ- ਰਹਿਤ ਨਿਪਟਾਰੇ ਲਈ ਲੋੜੀਂਦੀਆਂ ਮਸ਼ੀਨਾਂ ਕੌਮੀ ਗ੍ਰੀਨ ਟਿ੍ਬਿਊਨਲ ਦੇ ਫੈਸਲੇ ਅਨੁਸਾਰ ਸਰਕਾਰ ਵੱਲੋਂ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਮਿਸ਼ਨਰੀ ਮੁੱਹਈਆ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਉਹ ਪਰਾਲੀ ਸਾੜਨ ਲਈ ਮਜਬੂਰ ਹਨ ਕੋਈ ਸ਼ੌਕ ਨਹੀਂ।ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਜ਼ੁਰਮਾਨੇ ਦੁੱਗਣੇ ਕਰਨ ਦਾ ਫੈਸਲਾ ਅਤੇ ਪੰਜਾਬ ਦੇ ਚੌਲਾਂ ਦੇ ਨਮੂਨੇ ਫੇਲ੍ਹ ਹੋਣ ਦਾ ਘਰਾਟ-ਰਾਗ ਮੁੜ ਦੁਹਰਾਉਣ ਕਿਸਾਨਾਂ ਨਾਲ਼ ਦੁਸ਼ਮਣੀ ਦੇ ਦੋ ਅਹਿਮ ਸਬੂਤ ਹਨ। ਜਥੇਬੰਦੀ ਵੱਲੋਂ ਇਨ੍ਹਾਂ ਜੁਰਮਾਨਿਆਂ ਦੀ ਵਸੂਲੀ ਦਾ ਸਖ਼ਤ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਸਬੰਧੀ ਮੁਕੱਦਮੇ ਅਤੇ ਲਾਲ਼ ਐਂਟਰੀਆਂ ਰੱਦ ਕਰਾਉਣ ਲਈ ਵੀ ਸੰਬੰਧਿਤ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।