ਤੀਜਾ ਹਰਾ ਨਗਰ ਕੀਰਤਨ ਸੀਚੇਵਾਲ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਿਆ
* ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਕੀਤਾ ਗਿਆ ਸਵਾਗਤ
* ਸਾਡੇ ਕੋਲੋਂ ਏਸ ਵੇਲੇ ਸ਼ੁੱਧ ਹਵਾ ਪਾਣੀ ਤੇ ਖੁਰਾਕ ਤਿੰਨੋਂ ਹੀ ਨਹੀ ਹਨ:- ਸੰਤ ਸੀਚੇਵਾਲ
* ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਵੰਡਿਆ ਬੂਟਿਆਂ ਦਾ ਪ੍ਰਸ਼ਾਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 12 ਨਵੰਬਰ 2024 - ਤੀਜਾ ਹਰਾ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਵਿੱਤਰ ਵੇਂਈ ਕਿਨਾਰੇ ਪਹੁੰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆ ਦੀ ਅਗਵਾਈ ਹੇਠ ਸਵੇਰੇ 9 ਵਜੇ ਤੋਂ ਸ਼ੁਰੂ ਹੋਇਆ। ਇਹ ਨਗਰ ਕੀਰਤਨ ਨਿਰਮਲ ਕੁਟੀਆ ਪਿੰਡ ਸੀਚੇਵਾਲ ਤੋਂ ਚੱਲ ਕੇ ਪਿੰਡ ਮਾਲਾ, ਸੋਹਲ ਖਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾਂ, ਮਨਿਆਲਾ, ਤੋਤੀ, ਨਸੀਰੇਵਾਲ, ਮੁਹੱਬਲੀਪੁਰ, ਫੌਜੀ ਕਲੌਨੀ, ਝੱਲ ਲੇਈਵਾਲ, ਰਣਧੀਰਪੁਰ, ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪਵਿੱਤਰ ਵੇਈਂ ਦੇ ਕੰਢੇ-ਕੰਢੇ ਦੇਰ ਸ਼ਾਮ ਨਿਰਮਲ ਕੁਟੀਆ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕਿ ਸੰਪਨ ਹੋਇਆ।
ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕਰਨ ਲਈ ਸਵਾਗਤੀ ਗੇਟ ਤੇ ਲੰਗਰ ਲਗਾਏ ਗਏ ਸੀ। ਨਗਰ ਕੀਰਤਨ ਦੇ ਅੱਗੇ-ਅੱਗੇ ਗੱਤਕਾ ਖਿਡਾਰੀਆਂ ਵੱਲੋਂ ਗਤਕੇ ਦੇ ਜ਼ੋਹਰ ਦਿਖਾਏ ਜਾ ਰਹੇ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਵਿਦਿਆਰਥੀਆਂ ਨੇ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਸੀ। ਇਸ ਨਗਰ ਕੀਰਤਨ ਵਿਚ ਸੰਤ ਪ੍ਰਗਟ ਨਾਥ ਜੀ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ਼ ਸਿੰਘ ਸੈਦਰਾਣਾ, ਸੰਤ ਸੰਤੋਖ ਸਿੰਘ ਜੀ, ਸੰਤ ਬਲਰਾਜ ਸਿੰਘ ਜੀ, ਸੰਤ ਗੁਰਬਚਨ ਸਿੰਘ ਜੀ, ਸੰਤ ਸੁਖਵਿੰਦਰ ਸਿੰਘ ਜੀ ਆਦਿ ਮਹਾਂਪੁਰਸ਼ਾ ਤੇ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਬਾਬੇ ਨਾਨਕ ਦੀ ਬਾਣੀ ਨੂੰ ਸਮਰਪਿਤ ਇਸ ਨਗਰ ਕੀਰਤਨ ਵਿੱਚ ਖੂਬਸੂਰਤੀ ਇਹ ਰਹੀ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਵੱਡੀ ਸੰਖਿਆ ਵਿਚ ਗੁਰਸੰਗਤਾਂ ਨੇ ਹਿੱਸਾ ਲਿਆ ਉੱਥੇ ਹੀ ਨਗਰ ਕੀਰਤਨ ਦੇ ਪਿੱਛੇ ਪਿੱਛੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਗੁਬਾਣੀ ਦਾ ਗੁਨਗਾਨ ਕੀਤਾ ਗਿਆ।
ਇਹ ਤੀਜਾ ਨਗਰ ਕੀਰਤਨ ਸੀ ਤੇ ਹਰ ਨਗਰ ਕੀਰਤਨ ਵਿੱਚ ਪੰਜ ਹਾਜ਼ਾਰ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਗਏ। ਹੁਣ ਤੱਕ ਤਿੰਨੋ ਹਰੇ ਨਗਰ ਕੀਰਤਨਾਂ ਵਿੱਚ 15 ਹਾਜ਼ਾਰ ਬੂਟੇ ਸੰਗਤਾਂ ਨੂੰ ਵੰਡੇ ਜਾ ਚੁੱਕੇ ਹਨ। ਹਰੇ ਨਗਰ ਕੀਰਤਨ ਦੇ ਨਾਲ ਨਾਲ ਬੂਟਿਆਂ ਦੇ ਪ੍ਰਸ਼ਾਦ ਵਾਲੀ ਚੱਲਦੀ ਗੱਡੀ ਇੱਕ ਖਿੱਚ ਦਾ ਕੇਂਦਰ ਬਣੀ ਰਹੀ ਹੈ। ਬੂਟਿਆਂ ਦਾ ਪ੍ਰਸ਼ਾਦ ਦਿੰਦਿਆ ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਤੇ ਇਸਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਰੇ ਨਗਰ ਕੀਰਤਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਹਵਾਲੇ ਦੇ ਕੇ ਸੰਗਤਾਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਸਾਦਗੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਆ। ਸੰਤ ਸੀਚੇਵਾਲ ਨੇ ਪੰਜਾਬ ਦੇ ਵਾਤਾਵਰਣ ਦਾ ਜ਼ਿਕਰ ਕਰਦਿਆ ਸ਼ਬਦ ਰਾਹੀ ਦੱਸਿਆ ਕਿ ਸਾਡੇ ਕੋਲੋਂ ਏਸ ਵੇਲੇ ਸ਼ੁੱਧ ਹਵਾ ਪਾਣੀ ਤੇ ਖੁਰਾਕ ਤਿੰਨੋਂ ਹੀ ਨਹੀ ਹਨ। ਹਲਾਤ ਇਹ ਹੋ ਗਏ ਹਨ ਕਿ ਪ੍ਰਦੂਸ਼ਣ ਕਾਰਨ ਧੂੰਏ ਦੀ ਫੈਲੀ ਪਰਤ ਨਾਲ ਸੂਰਜ ਵੀ ਪ੍ਰਕਾਸ਼ ਕਰਨ ਤੋਂ ਅਸਮੱਰਥ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਆਬੋ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਇਸਦੀ ਚਿੰਤਾ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਵੀ ਉੱਠਾ ਚੁੱਕੇ ਹਨ। ਨਗਰ ਕੀਰਤਨ ਦੌਰਾਨ ਪਹਿਲੀ ਵਾਰ ਸੰਤ ਸੀਚੇਵਾਲ ਨੇ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਵਿੱਚ ਬਣੇ ਤਣਾਅ ਦਾ ਜ਼ਿਕਰ ਵੀ ਕੀਤਾ। ਉਹਨਾਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸਦੇ ਹੱਲ ਵੱਲ ਵਧਣ। ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਕੈਨੇਡਾ ਵਿੱਚ ਵਸਿਆ ਹੋਇਆ ਹੈ। ਦੋਹਾਂ ਪਾਸੇ ਬੈਠੇ ਪੰਜਾਬ ਦੇ ਲੋਕ ਫਿਕਰਮੰਦ ਹਨ।
ਪਿੰਡ ਸੋਹਲ ਖਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾਂ ਤੇ ਹੋਰ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦੇ ਸੁਆਗਤ ਲਈ ਉਚੇਚੇ ਪ੍ਰਬੰਧ ਕੀਤੇ ਗਏ। ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਰਿਵਾਇਤੀ ਲੰਗਰ ਲਗਾਇਆ ਗਿਆ।