ਰੇਤ ਮਾਫ਼ੀਆ ਦੀ ਗੁੰਡਾਗਰਦੀ! ਟਿੱਪਰ ਦਾ ਪਿੱਛਾ ਕਰਦੇ ਡੰਪ ਤੇ ਪਹੁੰਚੇ XEN ਨੂੰ ਪਿਸਟਲ ਕੱਢ ਕੇ ਧਮਕਾਇਆ
ਪੁਲਿਸ ਨੇ ਡੰਪ ਮਾਲਕ ਤੇ ਅਣਪਛਾਤੇ ਖਿਲਾਫ ਕੀਤਾ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 13 ਨਵੰਬਰ 2024- ਮਾਈਨਿੰਗ ਵਿਭਾਗ ਦੇ XEN ਜਦੋਂ ਅੱਧੀ ਰਾਤ ਨੂੰ ਦੋ ਰੇਤ ਨਾਲ ਭਰੇ ਟਿੱਪਰ ਦਾ ਪਿੱਛਾ ਕਰਦੇ ਡੰਪ ਤੇ ਪਹੁੰਚੇ ਤਾਂ ਉਹਨਾਂ ਨੂੰ ਅਤੇ ਉਨਾਂ ਦੀ ਕਾਰ ਨੂੰ ਉੱਥੇ ਪਹੁੰਚੇ ਡੰਪ ਮਾਲਕ ਅਤੇ ਉਸਦੇ ਸਾਥੀਆਂ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਹੋ ਨਹੀਂ ਮਾਈਨਿੰਗ ਅਧਿਕਾਰੀ ਅਨੁਸਾਰ ਜਦੋਂ ਉਹਨਾਂ ਨੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਦੇ ਸਾਹਮਣੇ ਹੀ ਉਹਨਾਂ ਨੂੰ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ। ਐਕਸ ਈ ਐਨ ਜਦੋਂ ਇਸਦੀ ਸ਼ਿਕਾਇਤ ਕਰਨ ਥਾਣੇ ਪਹੁੰਚੇ ਤਾਂ ਕਥਿਤ ਤੌਰ ਤੇ ਰੇਤ ਨਾਲ ਭਰੀਆਂ ਗੱਡੀਆਂ ਉਥੋਂ ਗਾਇਬ ਕਰ ਦਿੱਤੀਆਂ ਗਈਆਂ। ਐਕਸ ਈ ਐਨ ਦਿਲਪ੍ਰੀਤ ਸਿੰਘ ਵੱਲੋਂ ਇਸ ਦੀ ਸ਼ਿਕਾਇਤ ਆਪਣੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਤੜਕਸਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਵਿਖੇ ਡੰਪ ਮਾਲਕ ਹਰਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ XEN ਦਿਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਰਾਤ ਕਰੀਬ ਸਾਢੇ 12 ਵਜੇ ਉਹਨਾਂ ਵੱਲੋਂ ਰਵੀਦਾਸ ਚੌਂਕ ਵਿਖੇ ਰੂਟੀਨ ਵਿੱਚ ਨਾਕਾ ਲਗਾਇਆ ਗਿਆ ਸੀ ਕਿ ਅੱਬਲ ਖੈਰ ਵਾਲੀ ਸਾਈਡ ਤੋਂ ਦੋ ਰੇਤ ਨਾਲ ਭਰੇ ਟਿੱਪਰ ਆਉਂਦੇ ਦਿਖਾਈ ਦਿੱਤੇ। ਦੋਨੋਂ ਟਿੱਪਰ ਬਿਨਾ ਨੰਬਰ ਪਲੇਟ ਦੇ ਸਨ ਅਤੇ ਅੱਧੀ ਰਾਤ ਨੂੰ ਰੇਤ ਲਿਆਉਣ ਕਾਰਨ ਉਹਨਾਂ ਦਾ ਸ਼ੱਕ ਹੋਰ ਵੱਧ ਗਿਆ ਕਿ ਇਹ ਰੇਤ ਗੈਰ ਕਾਨੂੰਨੀ ਢੰਗ ਨਾਲ ਲਿਆਈ ਜਾ ਰਹੀ ਹੈ। ਉਹਨਾਂ ਨੇ ਟਿੱਪਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਅੱਗੇ ਚੱਲ ਰਹੇ ਟਿੱਪਰ ਦੇ ਡਰਾਈਵਰ ਨੇ ਉਹਨਾਂ ਦੀ ਕਾਰ ਨੂੰ ਸਾਈਡ ਮਾਰ ਕੇ ਟਿੱਪਰ ਤੇਜ਼ੀ ਨਾਲ ਦੌੜਾ ਲਿਆ ਜਿਸ ਤੇ ਉਹਨਾਂ ਵੱਲੋਂ ਆਪਣੀ ਟੀਮ ਨਾਲ ਟਿੱਪਰ ਦਾ ਪਿੱਛਾ ਕੀਤਾ ਗਿਆ। ਟਿੱਪਰ ਪੰਡੋਰੀ ਮਹੰਤਾਂ ਨੂੰ ਜਾਂਦਾ ਓਵਰਬ੍ਰਿਜ ਪਾਰ ਕਰਕੇ ਪੈਟਰੋਲ ਪੰਪ ਨੇੜੇ ਖਾਲਸਾ ਐਂਡ ਕੰਪਨੀ ਨਾਮ ਦੇ ਡੰਪ ਤੇ ਜਾ ਕੇ ਰੁਕ ਗਏ ਅਤੇ ਡਰਾਈਵਰ ਉਥੋਂ ਤੁਰੰਤ ਟਿੱਪਰ ਛੱਡ ਕੇ ਦੌੜ ਗਏ। ਮਾਈਨਿੰਗ ਅਧਿਕਾਰੀ ਵੱਲੋਂ ਟਿੱਪਰ ਦਾ ਪਿੱਛਾ ਕਰਦਿਆਂ ਤੇ ਡੰਪ ਤੇ ਰੁਕੇ ਰੇਤ ਨਾਲ ਪਰੇ ਟਿੱਪਰਾਂ ਦੀਆਂ ਦੀਆਂ ਵੀਡੀਓਜ ਵੀ ਜਾਰੀ ਕੀਤੀਆਂ ਗਈਆਂ ਹਨ।
ਮਾਈਨਿੰਗ ਅਧਿਕਾਰੀ ਦਿਲਪ੍ਰੀਤ ਸਿੰਘ ਅਨੁਸਾਰ ਉਹਨਾਂ ਨੇ ਤੁਰੰਤ ਸੰਬੰਧਿਤ ਥਾਣਾ ਸਿਟੀ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਕੁਝ ਦੇਰ ਬਾਅਦ ਪੁਲਿਸ ਮੁਲਾਜ਼ਮ ਵੀ ਉਥੇ ਪਹੁੰਚ ਗਏ ਪਰ ਇੰਨੀ ਦੇਰ ਨੂੰ ਡੰਪ ਦਾ ਮਾਲਕ ਹਰਜੀਤ ਸਿੰਘ ਕੁਝ ਵਿਅਕਤੀਆਂ ਨਾਲ ਅਤੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਹੀ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਅਧਿਕਾਰੀ ਅਨੁਸਾਰ ਉਹ ਆਪਣੀ ਕਾਰ ਵਿੱਚ ਬੈਠ ਗਏ ਅਤੇ ਕਾਰ ਨੂੰ ਲੋਕ ਲਗਾ ਲਿਆ ਤਾਂ ਹਰਜੀਤ ਸਿੰਘ੍ ਪਿਸਤੌਲ ਕੱਢ ਕੇ ਧਮਕੀਆ ਦੇਣ ਲੱਗ ਪਿਆ ਕਿ ਤੈਨੂੰ ਤਾਂ ਗੋਲੀ ਮਾਰ ਦਿਆਂਗਾ ਤੇਰੀ ਹਿੰਮਤ ਕਿੱਦਾਂ ਹੋਈ ਸਾਡੀਆਂ ਗੱਡੀਆਂ ਰੋਕਣ ਦੀ। ਉਹਨਾਂ ਅਧਿਕਾਰੀ ਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀ ਉਥੋਂ ਡੰਪ ਮਾਲਕ ਦੀ ਸ਼ਿਕਾਇਤ ਕਰਨ ਲਈ ਥਾਣਾ ਸਿਟੀ ਗੁਰਦਾਸਪੁਰ ਵੱਲ ਨਿਕਲ ਆਏ। ਇਸ ਮੌਕੇ ਦਾ ਫਾਇਦਾ ਚੁੱਕ ਕੇ ਸਬੰਧਤ ਡੰਪ ਤੋਂ ਰੇਤ ਦੀਆਂ ਗੱਡੀਆਂ ਗਾਇਬ ਕਰ ਦਿੱਤੀਆਂ ਗਈਆਂ।
ਮਾਈਨਿੰਗ ਅਧਿਕਾਰੀ ਅਨੁਸਾਰ ਸਵੇਰੇ ਉਹਨਾਂ ਨੇ ਇਸਦੀ ਸ਼ਿਕਾਇਤ ਮਾਈਨਿੰਗ ਵਿਭਾਗ ਪੰਜਾਬ ਦੇ ਸਕੱਤਰ ਅਤੇ ਡਾਇਰੈਕਟਰ ਦੇ ਨਾਲ ਹੀ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੂੰ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਇਸ ਬਾਰੇ ਐਸਐਸਪੀ ਗੁਰਦਾਸਪੁਰ ਨੂੰ ਜਾਣੂ ਕਰਵਾਇਆ ਤੇ ਪੁਲਿਸ ਵੱਲੋਂ ਦੇਰ ਰਾਤ ਹਰਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਸਰਕਾਰੀ ਅਧਿਕਾਰੀ ਨੂੰ ਡਿਊਟੀ ਦੌਰਾਨ ਧਮਕਾਉਣ ਦੀਆਂ ਧਾਰਾਵਾਂ 132, 221 ਬੀਐਨਐਸ, ਅਤੇ ਉਹਨਾਂ ਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੀ ਧਾਰਾ 351(3 )ਦੇ ਨਾਲ ਅਸਲਾ ਐਕਟ ਦੀਆਂ ਧਾਰਾਵਾਂ 24 ਤੇ 27_54_59 ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।