ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਵਿਖੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਕੀਤਾ ਜਾਗਰੂਕ
ਰੋਹਿਤ ਗੁਪਤਾ
ਬਟਾਲਾ 13 ਨਵੰਬਰ 2024 - ਐਸ.ਐਸ.ਪੀ, ਸ਼੍ਰੀ ਸੁਹੇਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੇਠ ਬਟਾਲਾ ਪੁਲਿਸ ਵਲੋਂ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਵੱਖ-ਵੱਖ ਪੱਧਰ ’ਤੇ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ , ਜਿਸ ਦੇ ਚਲਦਿਆਂ ਪੁਲਿਸ ਦੇ ਸ਼ਕਤੀ ਹੈਲਪਡੈਸਕ ਨੇ ਸਿੱਖ ਹੈਰੀਟੇਜ ਮਾਡਲ ਹਾਈ ਸਕੂਲ, ਹਰਚੋਵਾਲ ਵਿਖੇ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਚੰਗੇ ਅਤੇ ਮਾੜੇ ਸਪਰਸ਼ ਦੀ ਪਹਿਚਾਣ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਹੈਲਪਲਾਈਨ 112 ਨੰਬਰ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ।
ਇਸ ਮੌਕ ਐਸ.ਪੀ. ਐੱਚ ਬਟਾਲਾ, ਸ਼੍ਰੀਮਤੀ ਜਸਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ ਜੋ ਇਨਸਾਨ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ, ਇਸ ਲਈ ਸਾਨੂੰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਫਸਦਾ ਹੈ ਤਾਂ ਇਸਦਾ ਇਲਾਜ ਵੀ ਸੰਭਵ ਹੈ ਤੇ ਉਸਦਾ ਇਹ ਇਲਾਜ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।