'ਆਧੁਨਿਕ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ' ਬਾਰੇ ਕਰਵਾਇਆ ਸੈਮੀਨਾਰ
- ਤਬਦੀਲੀ ਤੋਂ ਬਿਨਾ ਵਿਕਾਸ ਸੰਭਵ ਨਹੀਂ: ਪ੍ਰੋ ਮੁਲਤਾਨੀ
ਪਟਿਆਲਾ, 13 ਨਵੰਬਰ 2024 - "ਤਬਦੀਲੀ ਤੋਂ ਬਿਨਾ ਵਿਕਾਸ ਸੰਭਵ ਨਹੀਂ। ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ। ਅੱਜ ਦੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਸੰਕਲਪ ਨਾਲ਼ ਵੀ ਸਾਨੂੰ ਹਰ ਖੇਤਰ ਵਿੱਚ ਤਬਦੀਲ ਹੋਣਾ ਪਵੇਗਾ। ਖੇਤੀ ਦਾ ਖੇਤਰ ਵੀ ਇਸ ਤੋਂ ਬਾਹਰ ਨਹੀਂ"
ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ। 'ਆਧੁਨਿਕ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ' ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਪਲਾਸਕਾ ਯੂਨੀਵਰਸਿਟੀ ਮੋਹਾਲੀ ਦੇ ਸੈਂਟਰ ਆਫ਼ ਸਸਟਨੇਬਲ ਐਂਡ ਪ੍ਰੀਸੀਜ਼ਨ ਐਗਰੀਕਲਚਰ ਦੇ ਡਾਇਰੈਕਟਰ ਪ੍ਰੋ. ਸ਼ਾਸ਼ਾਂਕ ਤਾਮਸਕਰ ਵੱਲੋਂ ਮੁੱਖ-ਸੁਰ ਭਾਸ਼ਣ ਦਿੱਤਾ ਗਿਆ।
ਪ੍ਰੋ. ਸ਼ਾਸ਼ਾਂਕ ਤਾਮਸਕਰ ਨੇ ਆਪਣੇ ਭਾਸ਼ਣ ਦੌਰਾਨ ਬਹੁਤ ਸਾਰੀਆਂ ਤਕਨੀਕਾਂ ਅਤੇ ਵਿਧੀਆਂ ਬਾਰੇ ਚਾਨਣਾ ਪਾਇਆ ਜਿਨ੍ਹਾਂ ਦੀ ਮਦਦ ਨਾਲ ਖੇਤੀਬਾੜੀ ਨੂੰ ਆਰਟੀਫਿਸ਼ਅਲ ਇੰਟੈਲੀਜਨਸ ਦੀ ਮਦਦ ਸਹਿਤ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਆਧੁਨਿਕ ਸਮੇਂ ਦੀ ਖੇਤੀਬਾੜੀ ਨੂੰ ਰਵਾਇਤੀ ਅਤੇ ਪੁਰਾਤਨ ਢੰਗ ਨਾਲ ਜਾਰੀ ਨਹੀਂ ਰੱਖਣਾ ਚਾਹੀਦਾ ਬਲਕਿ ਇਸ ਨੂੰ ਬਿਹਤਰ, ਸੁਖਾਲਾ ਅਤੇ ਲਾਹੇਵੰਦ ਬਣਾਉਣ ਲਈ ਸਾਨੂੰ ਅੱਜ ਦੇ ਸਮੇਂ ਦੀਆਂ ਤਕਨੀਕਾਂ ਨੂੰ ਇਸ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਆਈ. ਆਈ. ਟੀ. ਰੋਪੜ ਤੋਂ ਪੁੱਜੇ ਬੁਲਾਰੇ ਪ੍ਰੋ. ਜਗਪ੍ਰੀਤ ਸਿੰਘ ਨੇ ਵੀ ਇਸ ਵਿਸ਼ੇ ਉੱਤੇ ਆਪਣੇ ਅਹਿਮ ਵਿਚਾਰ ਪ੍ਰਗਟਾਏ।
ਵਿਭਾਗ ਮੁਖੀ ਪ੍ਰੋ. ਹਿਮਾਂਸ਼ੂ ਨੇ ਵਿਸ਼ੇ ਸੰਬੰਧੀ ਗੱਲ ਕਰਦਿਆਂ ਇਸ ਦਿਸ਼ਾ ਵਿੱਚ ਪੈਦਾ ਹੋ ਰਹੇ ਨਵੇਂ ਮੌਕਿਆਂ ਅਤੇ ਚੁਣੌਤੀਆਂ ਬਾਰੇ ਗੱਲ ਕੀਤੀ। ਉਨ੍ਹਾਂ ਖੇਤੀਬਾੜੀ ਖੇਤਰ ਦੀ ਭਲਾਈ ਲਈ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਉਠਾਏ ਜਾ ਰਹੇ ਕਦਮਾਂ ਬਾਰੇ ਵੀ ਦੱਸਿਆ।
ਸੈਮੀਨਾਰ ਕਨਵੀਨਰ ਡਾ. ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਵੱਖ ਵੱਖ ਖੋਜਾਰਥੀਆਂ ਵੱਲੋਂ 25 ਖੋਜ-ਪੱਤਰ ਪੜ੍ਹੇ ਗਏ ਜਿਨ੍ਹਾਂ ਰਾਹੀਂ ਖੋਜਾਰਥੀਆਂ ਨੇ ਇਸ ਦਿਸ਼ਾ ਵਿੱਚ ਖੋਜ ਲੱਭਤਾਂ ਅਤੇ ਸੁਝਾਅ ਪੇਸ਼ ਕੀਤੇ।
ਸਵਾਗਤੀ ਸ਼ਬਦ ਡਾ. ਨਵਜੋਤ ਕੌਰ ਨੇ ਬੋਲੇ ਜਦੋਂ ਕਿ ਧੰਨਵਾਦੀ ਭਾਸ਼ਣ ਡਾ. ਨਵਨੀਤ ਕੌਰ ਵੱਲੋਂ ਦਿੱਤਾ ਗਿਆ।