ਪੰਚ ਪ੍ਰਧਾਨੀ ਕੌਂਸਲ ਵੱਲੋਂ ਸਰਬੱਤ ਖਾਲਸਾ ਦੀ ਮੁੜ ਉਸਾਰੀ
ਪਟਿਆਲਾ: 14 ਨਵੰਬਰ 2024: ਵਿਦੇਸ਼ੀ ਸਿੱਖਾਂ ਨੇ ਮਹਿਸੂਸ ਕੀਤਾ ਹੈ ਕਿ ਸਿੱਖ ਜਗਤ ਗੁਰੂ ਸਾਹਿਬਾਨ ਵੱਲੋਂ ਆਪ ਪਾਏ ਪੂਰਨਿਆਂ ‘ਤੇ ਨਹੀਂ ਚਲ ਰਿਹਾ। ਜਿਹੜੀਆਂ ਲੀਹਾਂ ਗੁਰੂ ਸਾਹਿਬਾਨ ਨੇ ਪਾਈਆਂ ਸਨ, ਇਸ ਸਮੇਂ ਸਿੱਖ ਉਨ੍ਹਾਂ ‘ਤੇ ਪਹਿਰਾ ਨਹੀਂ ਦੇ ਰਹੇ। ਸਿੱਖ ਆਪਣੀਆਂ ਵੱਖਰੀਆਂ ਪਰੰਪਰਾਵਾਂ ਸਥਾਪਤ ਕਰ ਰਹੇ ਹਨ, ਜੋ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਨਹੀਂ ਹਨ। ਵਰਤਨਾਮ ਸਮੇਂ ਪੰਥ ਸਹੀ ਰਸਤੇ ਨਹੀਂ ਚਲ ਰਿਹਾ ਭਾਵੇਂ ਇਸਨੂੰ ਠੀਕ ਕਰਨ ਲਈ ਕੁਝ ਕੋਸ਼ਿਸ਼ਾਂ ਵੀ ਹੋਈਆਂ ਸਨ। ਸਿੱਖ, ਸਰਬੱਤ ਖਾਲਸਾ ਸੰਸਥਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਕੇ ਹੀ ਵੇਖ ਰਹੇ ਹਨ। ਗੁਰੂ ਸਾਹਿਬ ਨੇ ਆਪ ਗੁਰਮਤਿ ਦੇ ਸਿਧਾਂਤ ਨੂੰ ਮੁੱਖ ਰੱਖਕੇ ਨਵੀਂਆਂ ਸੰਸਥਾਵਾ ਸਥਾਪਤ ਕੀਤੀਆਂ ਸਨ। ਵਿਦੇਸ਼ੀ ਸਿੱਖਾਂ ਨੇ ‘ਸਰਬਤ ਖਾਲਸਾ ਸੰਸਥਾ’ ਸਥਾਪਤ ਕਰਨ ਦਾ ਇੱਕ ਉਪਰਾਲਾ ਕੀਤਾ ਹੈ। ਇਹ ਸੰਸਥਾ ਕਿਸੇ ਦੇਸ਼, ਸਥਾਨ, ਪਾਰਟੀ ਤੇ ਧੜੇ ਨਾਲ ਬੱਝੀ ਨਹੀਂ ਹੋਵੇਗੀ ਸਗੋਂ ਸਾਰੇ ਸਿੱਖਾਂ ਦੀ ਨੁਮਾਇੰਦਗੀ ਗੁਰਮਤਿ ਅਤੇ ਪਾਰਦਰਸ਼ੀ ਢੰਗ ਨਾਲ ਕਰੇਗੀ। ਇਹ ਸੰਸਥਾ ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਸਿੱਖ ਜਗਤ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰੇਗੀ। ਕੋਈ ਇੱਕ ਵਿਅਕਤੀ ਇਸ ਸੰਸਥਾ ਦਾ ਪ੍ਰਧਾਨ ਨਹੀਂ ਹੋਵੇਗਾ ਇਸ ਦੇ ਮੈਂਬਰ ਆਨ ਲਾਈਨ ਬਣ ਸਕਦੇ ਹਨ। ਇਸ ਦਾ ਵਿਧਾਨ ਵੀ ਆਨ ਲਾਈਨ ਹੀ ਰੱਖਿਆ ਗਿਆ ਹੈ। ਇਹ ਸੰਸਥਾ ਗੁਰੂ ਸਾਹਿਬਾਨ ਵੱਲੋਂ ਆਪ ਪਾਏ ਪੂਰਨਿਆਂ ‘ਤੇ ਚਲਣ ਦੀ ਕੋਸ਼ਿਸ਼ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਵਿਖੇ ਹੋਈ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਵਿੱਚ ਨਿਰਮਲ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਬਹਿਰੀਨ ਅਤੇ ਜਗਧਰ ਸਿੰਘ ਬੰਗਾਲ ਤੋਂ ਆਇਆਂ ਨੇ ਕੀਤਾ। ਉਨ੍ਹਾਂ ਅੱਗੋਂ ਕਿਹਾ ਕਿ ਇਸ ਸੰਸਥਾ ਦਾ ਉਦੇਸ਼ ਦੁਨੀਆਂ ਭਰ ਦੇ ਸਿੱਖਾਂ ਨੂੰ ਇੱਕਮੰਚ ਤੇ ਜੋੜਨਾ, ਗੁਰਮਤਿ ਦੁਆਰਾ ਬਖ਼ਸ਼ੀ ਸਰਬਪੱਖੀ ਜੀਵਨ ਜੁਗਤ ਨੂੰ ਦ੍ਰਿੜ੍ਹ ਰੱਖਣਾ, ਹਰ ਖੇਤਰ ਦੇ ਸਿੱਖਾਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਕਾਰਜਸ਼ੀਲ ਹੋਣਾ, ਸਿੱਖਾਂ ਦੀ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਦੀ ਹਮੇਸ਼ਾ ਯਤਨਸ਼ੀਲ ਰਹਿਣਾ ਹੋਵੇਗਾ। ਇਸ ਸੰਸਥਾ ਦਾ Çਲੰਕ ਇਹ ਹੈ www.Sarbatkhalsa.world ਇਸ Çਲੰਕ ‘ਤੇ ਜਾ ਕੇ ਸਾਰੇ ਸੰਸਾਰ ਦੇ ਅੰਮ੍ਰਿਤਧਾਰੀ ਸਿੱਖ ਮੈਂਬਰ ਬਣ ਸਕਦੇ ਹਨ। ਸਿੱਖ ਸੰਸਥਾਵਾਂ ਵੀ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੀਆਂ ਹਨ ਪ੍ਰੰਤੂ ਉਹ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ। ਸੰਸਥਾਵਾਂ ਆਪਣੇ ਦੋ ਅੰਮ੍ਰਿਤਧਾਰੀ ਪ੍ਰਤੀਨਿਧ ਇਸ ਸੰਸਥਾ ਦੇ ਮੈਂਬਰਾਂ ਵਿੱਚ ਸ਼ਾਮਲ ਕਰਵਾ ਸਕਦੇ ਹਨ। ਵਿਅਕਤੀਗਤ ਵੀ ਮੈਂਬਰ ਬਣਿਆਂ ਜਾ ਸਕਦਾ ਹੈ। ਇਸਦੇ 500 ਮੈਂਬਰ ਹੋਣਗੇ, ਜਿਹੜੇ ਆਪਣੇ ਵਿੱਚੋਂ 5 ਮੈਂਬਰ ਚੁਣ ਸਕਣਗੇ। ਉਹ ਹੀ ਪੰਚ ਪ੍ਰਧਾਨੀ ਇਸ ਸੰਸਥਾ ਦੀ ਅਗਵਾਈ ਕਰੇਗਾ। ਅੱਜ ਦੀ ਮੀਟਿੰਗ ਵਿੱਚ ਪਟਿਆਲਾ ਸਥਿਤ 20 ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਹੋਏ। ਡਾ ਕੁਲਵੰਤ ਕੌਰ ਮਾਈ ਭਾਗੋ ਬਰਗੇਡ ਨੇ ਇਹ ਮੀਟਿੰਗ ਆਯੋਜਤ ਕੀਤੀ ਸੀ। ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਜੀਆਂ ਆਇਆਂ ਕਿਹਾ ਅਤੇ ਸਰਬਤ ਖਾਲਸਾ ਸੰਸਥਾ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੀ ਸ਼ੁਰੂਆਤ ਇੱਕ ਸ਼ਬਦ ਨਾਲ ਕੀਤੀ ਗਈ। ਸ਼੍ਰੀਮਤੀ ਪਰਮਿੰਦਰ ਕੌਰ ਨੇ ਧਾਰਮਿਕ ਕਵਿਤਾ ਦਾ ਗਾਇਨ ਕੀਤਾ। ਇਸ ਸੰਸਥਾ ਦੀ ਰੂਪ ਰੇਖਾ ਬਣਾਉਣ ਦਾ ਕਾਰਜ ਕਾਰਜਕਾਰੀ ਐਕਟਿੰਗ ਪੰਚ ਪ੍ਰਧਾਨੀ ਕੌਂਸਲ ਹੀ ਕਰਦੀ ਹੈ। ਇਸ ਪੰਚ ਪ੍ਰਧਾਨੀ ਵਿੱਚ ਨਿਰਮਲ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਬਹਿਰੀਨ, ਜਗਧਰ ਭਾਰਤ, ਪ੍ਰੋ.ਗੁਰਚਰਨ ਸਿੰਘ ਅਮਰੀਕ ਅਤੇ ਡਾ.ਕੁਲਵੰਤ ਕੌਰ ਭਾਰਤ ਸ਼ਾਮਲ ਹਨ। ਪਹਿਲੀ ਵਾਰ ਪੰਜ ਪਿਆਰਿਆਂ ਵਿੱਚ ਇੱਕ ਬੀਬੀ ਸ਼ਾਮਲ ਕੀਤੀ ਗਈ ਹੈ ਜੋ ਕਿ ਪਟਿਆਲਾ ਤੋਂ ਡਾ.ਕੁਲਵੰਤ ਕੌਰ ਹੈ।