ਗੁਰੂ ਨਾਨਕ ਦੇਵ ਜੀ ਗੁਰਪੁਰਬ ਮੌਕੇ ਆਲੋਕਿਕ ਨਗਰ ਕੀਰਤਨ ਸੁਲਤਾਨਪੁਰ ਲੋਧੀ ਵਿੱਚ ਸਜਾਇਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 14 ਨਵੰਬਰ 2024 : ਮਾਨਵਤਾ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸੰਤ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਅਰਦਾਸ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਪਾਲਕੀ ਵਿਚ ਬਿਰਾਜਮਾਨ ਕੀਤਾ ਗਿਆ । ਨਗਰ ਕੀਰਤਨ ਦੀ ਸ਼ੁਰੂਆਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹੋਈ। ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਫੁੱਲਾਂ ਨਾਲ ਸਜੀ ਸੁੰਦਰ ਬੱਸ ਵਿੱਚ ਸਜਾਈ ਸੁਨਹਿਰੀ ਪਾਲਕੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕੀਤਾ।
ਨਗਰ ਕੀਰਤਨ ਵਿਚ ਸੰਗਤਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ, ਜਦਕਿ ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਵੱਲੋਂ ਸਿੱਖ ਸ਼ਸਤਰ ਕਲਾ ਦੇ ਬਾਖੂਬੀ ਜ਼ੌਹਰ ਦਿਖਾਏ ਗਏ। ਨਗਰ ਕੀਰਤਨ ਦੇ ਸਾਰੇ ਰਸਤੇ ਥਾਂ-ਥਾਂ ’ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ ਅਤੇ ਸਾਰੇ ਮਾਰਗ ਨੂੰ ਖੂਬਸੂਰਤ ਲੜੀਆਂ ਅਤੇ ਸਵਾਗਤੀ ਗੇਟਾਂ ਨਾਲ ਵੀ ਸਜਾਇਆ ਗਿਆ ਸੀ। ਨਗਰ ਕੀਰਤਨ ਦੌਰਾਨ ਓਢਣ ਖਟੋਲੇ ਵਲੋਂ ਫੁੱਲ ਪੱਤੀਆਂ ਦੀ ਵਰਖਾ ਵੀ ਖਿੱਚ ਦਾ ਕੇਂਦਰ ਰਹੀ। ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜਣ ’ਤੇ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਗੁਰਬਖਸ਼ ਸਿੰਘ, ਸਾਬਕਾ ਮੈਨੇਜਰ ਜਰਨੈਲ ਸਿੰਘ ਬੁਲੇ, ਸੰਤ ਬਾਬਾ ਸੁਖਜੀਤ ਸਿੰਘ ਸਿੰਘ ਸੀਚੇਵਾਲ, ਸੰਤ ਜਗਜੀਤ ਸਿੰਘ ਹਰਖੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ, ਇੰਜੀਨੀਅਰ ਸਵਰਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਵਾਲ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਵਿਧਾਇਕ ਇੰਦਰਪ੍ਰਤਾਪ ਸਿੰਘ ਰਾਣਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਮਿਲਕਫੈਡ ਦੇ ਸਾਬਕਾ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ, ਐਸਡੀਐਮ ਸੁਲਤਾਨਪੁਰ ਲੋਧੀ ਅਰਪਨਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਇਸ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਹ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਸ਼ਹਿਰ ਦੀ ਦਾਣਾ ਮੰਡੀ, ਤਲਵੰਡੀ ਪੁਲ, ਸਬਜ਼ ਮੰਡੀ, ਆਰੀਆ ਸਮਾਜ ਚੌਕ, ਚੌਕ ਚੇਲਿਆਂ, ਪੁਰਾਣੀ ਦਾਣਾ ਮੰਡੀ, ਰੇਲਵੇ ਰੋਡ, ਸਦਰ ਬਾਜ਼ਾਰ, ਥਾਣਾ ਰੋਡ, ਬੇਬੇ ਨਾਨਕੀ ਰੋਡ ਤੋਂ ਸ਼ੁਰੂ ਹੋ ਕੇ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਆ ਕਿ ਸਮਾਪਤ ਹੋਇਆ ਇਸ ਮੌਕੇ ਰਸਤੇ ਵਿਚ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੇ ਸਕੂਲ ਪਹਿਰਾਵੇ ਵਿਚ ਹਿੱਸਾ ਲਿਆ ਅਤੇ ਢੋਲ, ਬੈਂਡ ਸਾਜ਼ਾਂ ਨਾਲ ਝਲਕੀਆ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਨਗਰ ਕੀਰਤਨ ਵਿਚ ਟਰਾਲੀਆਂ 'ਤੇ ਸਵਾਰ ਹੋ ਕੇ ਸ਼ਬਦ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਅਤੇ ਸੰਗਤ ਨੂੰ ਨਿਹਾਲ ਕੀਤਾ। ਪਾਲਕੀ ਸਾਹਿਬ ਦੇ ਨਾਲ ਨਾਲ ਸੰਗਤਾਂ ਸਤਿਕਾਰ ਸਹਿਤ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੜਕ ਤੇ ਜਾ ਰਹੀਆਂ ਸਨ। ਨਗਰ ਕੀਰਤਨ ਵਿਚ ਨਿਹੰਗ ਸਿੰਘ ਵੀ ਆਪਣੇ ਹਥਿਆਰਾਂ ਨਾਲ ਹਾਥੀ, ਘੋੜੇ ਸਮੇਤ ਸ਼ਾਮਲ ਹੋਏ। ਸ਼ਹਿਰ ਦੇ ਕੀਰਤਨ 'ਤੇ ਹਵਾਈ ਜਹਾਜ਼ਾਂ ਅਤੇ ਪੈਰਾਸ਼ੂਟਾਂ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਇਸ ਮੌਕੇ ਕੀਰਤਨੀ ਜਥਾ ਗੁਰਬਾਣੀ ਨਾਲ ਨਿਹਾਲ ਕਰ ਰਿਹਾ ਸੀ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ