ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ
ਨਵੀਂ ਦਿੱਲੀ, 14 ਨਵੰਬਰ 2024 : ਭਾਸ਼ਾ ਵਿਭਾਗ ਵੱਲੋਂ ਪਿਛਲੇ ਸਮੇਂ 'ਚ ਫੈਸਲਾ ਕੀਤਾ ਗਿਆ ਸੀ ਕਿ ਦਿੱਲੀ ਵਿਖੇ ਸਥਿਤ ਪੰਜਾਬ ਭਵਨ ਵਿੱਚ ਪੰਜਾਬੀ ਸਾਹਿਤ, ਭਾਸ਼ਾ ਅਤੇ ਚਿੰਤਨ ਦੇ ਉਘੇ ਸਿਤਾਰਿਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਇਸ ਦੀ ਪਹਿਲੀ ਕਿਸ਼ਤ ਵਜੋਂ ਅੱਜ 10 ਤਸਵੀਰਾਂ ਪੰਜਾਬ ਭਵਨ ਦੇ ਏ-ਬਲਾਕ ਦੇ ਵਰਾਂਡਿਆਂ ਅਤੇ ਗੈਲਰੀਆਂ ਵਿੱਚ ਲਗਾਈਆਂ ਗਈਆਂ ਹਨ।
ਪ੍ਰਵੇਸ਼ ਮੰਜ਼ਿਲ 'ਤੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਅਤੇ ਜਗਤ ਪ੍ਰਸਿਧ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਹਨ। ਪਹਿਲੀ ਮੰਜ਼ਿਲ 'ਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰੀ ਕਮਰੇ ਨੇੜੇ ਪੰਜਾਬੀ ਦੇ ਤਿੰਨ ਉੱਘੇ ਕਾਵਿ-ਸਿਤਾਰਿਆਂ ਸ਼ਿਵ ਕੁਮਾਰ ਬਟਾਲਵੀ, ਪਾਸ਼ ਅਤੇ ਸੁਰਜੀਤ ਪਾਤਰ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।ਇਸੇ ਤਰ੍ਹਾਂ ਦੂਜੀ ਮੰਜ਼ਿਲ 'ਤੇ ਪੰਜਾਬੀ ਨਾਟਕ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਅਤੇ ਪੰਜਾਬੀ ਕਲਾ ਦੇ ਸ਼ਾਹਜਹਾਂ ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਤੀਸਰੀ ਮੰਜ਼ਿਲ ਤੇ ਪ੍ਰਗਤੀਵਾਦੀ ਸ਼ਾਇਰਾਂ ਬਾਵਾ ਬਲਵੰਤ, ਲਾਲ ਸਿੰਘ ਦਿਲ ਦੇ ਨਾਲ ਨਾਲ ਪੰਜਾਬੀ ਬੋਲੀ ਦੇ ਸ਼ੁਦਾਈ ਕਵੀ ਫਿਰੋਜ਼ਦੀਨ ਸ਼ਰਫ਼ ਸਾਹਿਬ ਦੀਆਂ ਤਸਵੀਰਾਂ ਲੱਗ ਗਈਆਂ ਹਨ।
ਇਸ ਮੌਕੇ 'ਤੇ ਭਾਸ਼ਾ ਞਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕੁਲ 100 ਦੇ ਕਰੀਬ ਪੰਜਾਬੀ ਦੇ ਸਵਰਗੀ ਕਵੀਆਂ, ਲੇਖਕਾਂ, ਚਿੰਤਕਾਂ ਅਤੇ ਭਾਸ਼ਾ ਕਰਮੀਆਂ ਦੀਆਂ ਤਸਵੀਰਾਂ ਪੰਜਾਬ ਭਵਨ ਦੇ ਦੋਨਾਂ ਬਲਾਕਾਂ ਦੀਆਂ ਸਾਰੀਆਂ ਮੰਜਲਾਂ ਤੇ ਸਥਾਪਿਤ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਪੰਜਾਬ ਭਵਨ ਦੀ ਡਿਓਢੀ ਵਿੱਚ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਤ ਪੁਸਤਕਾਂ ਦੀ ਪ੍ਰਦਰਸ਼ਨੀ ਲੱਗਣ ਨਾਲ ਵਿਭਾਗ ਦੇ ਸਥਾਨਕ ਦਫਤਰ 'ਤੇ ਕਿਤਾਬਾਂ ਦੇ ਵਿਕਰੀ ਕੇਂਦਰ ਵਿਖੇ ਪਾਠਕਾਂ ਦਾ ਰੁਝਾਨ ਕਾਫ਼ੀ ਵਧਿਆ ਹੈ ਅਤੇ ਕਿਤਾਬਾਂ ਦੀ ਵਿਕਰੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਮੌਕੇ ਰੈਜੀਡੈਂਟ ਕਮਿਸ਼ਨਰ ਸ਼੍ਰੀਮਤੀ ਸ਼ਰੂਤੀ ਸਿੰਘ ਨੇ ਦੱਸਿਆ ਕਿ ਪੰਜਾਬ ਭਵਨ ਦੇ ਕਮਰਿਆਂ ਦੇ ਅੰਦਰ ਵੀ ਪੰਜਾਬ ਦੀ ਰੂਹ ਨੂੰ ਦਰਸਾਉਂਦੀਆਂ ਕਲਾ ਕਿਰਤਾਂ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਜਿਸ ਤਰ੍ਹਾਂ ਇਹ ਤਸਵੀਰਾਂ ਲਗਾਉਣ ਵਿੱਚ ਭਾਸ਼ਾ ਵਿਭਾਗ ਨੇ ਉਹਨਾਂ ਦੀ ਸਹਾਇਤਾ ਕੀਤੀ ਹੈ ਉਹ ਪੰਜਾਬ ਕਲਾ ਪ੍ਰੀਸ਼ਦ ਦੀਆਂ ਸੇਵਾਵਾਂ ਵੀ ਲੈਣਗੇ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਭਵਨ ਵਿਖੇ ਸਥਿਤ ਪੰਜਾਬੀ ਸਾਹਿਤ ਕੇਂਦਰ ਦੀ ਸਾਂਭ ਸੰਭਾਲ ਅਤੇ ਦਿੱਖ ਸੁਧਾਰਨ ਦਾ ਕਾਰਜ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਰੈਜੀਡੈਂਟ ਕਮਿਸ਼ਨਰ ਸ੍ਰੀਮਤੀ ਅਸਿਤਾ ਸ਼ਰਮਾ, ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਸ਼੍ਰੀ ਅਲੋਕ ਚਾਵਲਾ ਅਤੇ ਸਥਾਨਕ ਦਫਤਰ ਦੀ ਇੰਚਾਰਜ ਕਰੁਣਾ ਵੀ ਮੌਜੂਦ ਸਨ।