ਨਵੀਂ ਬਣੀ ਸੜਕ ਦੇ ਕਿਨਾਰਿਆ ਸਰਕਾਰ ਦੀਆਂ ਤੇ ਮਿੱਟੀ ਨਾ ਪੈਣ ਕਾਰਨ ਪਲਟਿਆ ਟਰੱਕ
ਰੋਹਿਤ ਗੁਪਤਾ
ਗੁਰਦਾਸਪੁਰ, 14 ਨਵੰਬਰ 2024 - ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਨੇੜੇ ਤੇਜ਼ ਰਫ਼ਤਾਰ ਘੋੜਾ ਟਰਾਲਾ ਪਲਟਣ ਕਾਰਨ ਮਾਲੀ ਨੁਕਸਾਨ ਕਾਫ਼ੀ ਹੋਇਆ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਰੀਬ 9 ਵਜੇ ਰਾਤ ਵਾਪਰਿਆ। ਦਿਨ-ਰਾਤ ਚੱਲਣ ਵਾਲੀ ਸੜਕ ਕੰਢੇ ਲੱਗੀਆਂ ਪੰਚਾਇਤੀ ਕੁਰਸੀਆਂ 'ਤੇ ਲੋਕ ਦੇਰ ਸ਼ਾਮ ਤੱਕ ਬੈਠੇ ਰਹਿੰਦੇ ਹਨ ਅਤੇ ਹਾਦਸਾ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਨੌਜਵਾਨ ਆਪਣੇ ਘਰਾਂ ਨੂੰ ਚਲੇ ਗਏ ਸਨ। ਡਰਾਈਵਰ ਨੇ ਦੱਸਿਆ ਕਿ ਉਹ ਟਰਾਲਾ ਨੰਬਰ-ਪੀ.ਬੀ. 10 ਜੇ.ਐਮ. 7199 ਦੀਨਾਨਗਰ ਮੰਡੀ ਤੋਂ ਲੋਡ ਕਰਕੇ ਮੋਗਾ ਲਈ ਜਾ ਰਿਹਾ ਸੀ ਕਿ ਟਰਾਲੇ ਵਿਚ 1500 ਦੇ ਕਰੀਬ ਝੋਨੇ ਦੀਆਂ ਬੋਰੀਆਂ ਲੱਦੀਆਂ ਸਨ ਤੇ ਜਦੋਂ ਉਹ ਨਵਾਂ ਸ਼ਾਲਾ ਤੋਂ ਪਿੰਡ ਚਾਵਾ ਮੋੜ 'ਤੇ ਪੁੱਜਾ ਤਾਂ ਟਰਾਲੇ ਦਾ ਸੰਤੁਲਨ ਵਿਗੜਨ ਨਾਲ ਟਰਾਲਾ ਪਲਟ ਗਿਆ, ਜਿਸ ਨਾਲ ਚਾਵਾ ਦੀ ਮੁੱਖ ਗਲੀ ਬੰਦ ਹੋ ਗਈ।
ਇਸ ਨਾਲ ਬਿਜਲੀ ਦਾ ਖੱਬਾ ਵੀ ਡਿੱਗ ਗਿਆ ਤੇ ਬਿਜਲੀ ਬੋਰਡ ਦਾ ਵੀ ਕਾਫ਼ੀ ਨੁਕਸਾਨ ਹੋਇਆ। ਪੁਰਾਣਾ ਸ਼ਾਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਇਸ ਦੌਰਾਨ ਟਰਾਲੇ ਦੀ ਤੇਲ ਵਾਲੀ ਟੈਂਕੀ ਫਟਣ ਕਾਰਨ ਬਹੁਤ ਵੱਡਾ ਧਮਾਕਾ ਵੀ ਹੋਇਆ, ਜਿਸ ਨਾਲ ਪਿੰਡ ਅੰਦਰ ਅਚਾਨਕ ਦਹਿਸ਼ਤ ਫੈਲ ਗਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਚਾਵਾ ਨੇੜੇ ਮੋੜ ਟੇਢਾ ਹੋਣ ਕਰਕੇ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਦੂਜੇ ਪਾਸੇ ਸੜਕ ਦੇ ਬਰਮ ਸੜਕ ਤੋਂ ਅੱਧਾ ਫੁੱਟ ਨੀਵੇਂ ਹੋਣ ਕਾਰਨ ਜਦੋਂ ਕੋਈ ਵਾਹਨ ਸੜਕ ਤੋਂ ਹੇਠਾਂ ਉਤਰ ਜਾਂਦਾ ਹੈ ਤਾਂ ਸੜਕ 'ਤੇ ਦੁਬਾਰਾ ਚੜ੍ਹਨਾ ਅੱਖਾ ਹੋ ਜਾਂਦਾ ਹੈ। ਸੜਕ 'ਤੇ ਤੇਲ ਡਿੱਗਣ ਕਾਰਨ ਕਾਫ਼ੀ ਵਾਹਨ ਤਿਲਕੇ ਅਤੇ ਰਾਹਗੀਰਾਂ ਦੇ ਵੀ ਕਾਫ਼ੀ ਸੱਟਾਂ ਲੱਗੀਆਂ। ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ- ਮੁਕੇਰੀਆਂ ਸੜਕ 'ਤੇ ਬਰਮਾਂ 'ਤੇ ਮਿੱਟੀ ਪਾਉਣ ਲਈ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੂੰ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਅਗਾਂਹ ਤੋਂ ਕੋਈ ਹਾਦਸਾ ਨਾ ਵਾਪਰ ਸਕੇ।