ਢੱਡਰੀਆਂ ਵਾਲੇ ਦੇ ਡੇਰੇ 'ਚ ਜਬਰ ਜਨਾਹ ਤੋਂ ਬਾਅਦ ਲੜਕੀ ਦੇ ਕਤਲ ਦਾ ਮਾਮਲਾ ਪੁੱਜਿਆ ਹਾਈਕੋਰਟ
ਪਟਿਆਲਾ: 14 ਨਵੰਬਰ 2024 - ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪਟਿਆਲਾ ਡੇਰੇ ਵਿੱਚ ਸਾਲ 2012 ਵਿੱਚ ਜਬਰ ਜਨਾਹ ਤੋਂ ਬਾਅਦ ਹੋਈ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਦੇ ਐਸਐਸਪੀ ਤੋਂ ਜਵਾਬ ਤਲਬ ਕੀਤਾ ਹੈ।
ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਸਾਹਿਬ ਸਿੰਘ ਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਦੀ ਅਗਵਾਈ ਵਾਲੀ ਸੀਬੀਆਈ ਜਾਂ ਐਸਆਈਟੀ ਰਾਹੀਂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨਰ ਵਲੋਂ ਪਟੀਸ਼ਨ 'ਚ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ 'ਤੇ ਗੰਭੀਰ ਦੋਸ਼ ਲਾਏ ਗਏ ਹਨ।
ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕਰਦੇ ਹੋਏ ਐਸਐਸਪੀ ਪਟਿਆਲਾ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ 22 ਅਪ੍ਰੈਲ 2012 ਨੂੰ ਭਾਈ ਰਣਜੀਤ ਸਿੰਘ (ਢੱਡਰੀਆਂ ਵਾਲੇ) ਦੇ ਡੇਰੇ 'ਚ ਉਸ ਦੀ ਭੈਣ ਨਾਲ ਜਬਰ ਜਨਾਹ ਕਰਕੇ ਉਸ ਦਾ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕਰ ਦਿੱਤਾ ਗਿਆ ਸੀ।ਪਟੀਸ਼ਨਕਰਤਾ ਅਨੁਸਾਰ ਉਸ ਦੀ ਭੈਣ ਧਾਰਮਿਕ ਲੜਕੀ ਸੀ, ਜੋ ਕਿ ਭਾਈ ਰਣਜੀਤ ਸਿੰਘ ਦੇ ਪਿੱਛੇ ਚੱਲ ਰਹੀ ਸੀ।