ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ 2020 - ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਅਖਿਲ ਚੋਧਰੀ ਅਤੇ ਉਪ ਪੁਲਿਸ ਕਪਤਾਨ ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਸ੍ਰੀ ਅਨੰਦਪੁਰ ਸਾਹਿਬ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਿਭਾਗ ਵਿੱਚ ਡਿਊਟੀ ਨਿਭਾਉਂਦੇ ਹੋਏ ਦੇਸ਼ ਲਈ ਸ਼ਹੀਦ ਹੋਏ ਕਰਮਚਾਰੀਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਕੱਢੀ ਗਈ।
ਇਸ ਰੈਲੀ ਦੀ ਸ਼ੁਰੂਆਤ ਥਾਣਾ ਮੁਖੀ ਸ੍ਰੀ ਆਨੰਦਪੁਰ ਸਾਹਿਬ ਰੁਪਿੰਦਰ ਸਿੰਘ ਅਤੇ ਜਿਲ੍ਹਾ ਟ੍ਰੈਫਿਕ ਇੰਚਾਰਜ ਸਰਬਜੀਤ ਸਿੰਘ ਵਲੋ ਕੀਤੀ ਗਈ ਅਤੇ ਰੈਲੀ ਦੋਰਾਨ ਸਾਇਕਲ ਚਲਾ ਕੇ ਸ਼ਹੀਦਾਂ ਬਾਰੇ ਜਾਗਰੁਕਤਾ ਮੁਹਿੰਮ ਵਿਚ ਹਿਸਾ ਪਾਇਆ। ਉਨ੍ਹਾਂ ਨਾਲ ਸਾਈਕਲਿੰਗ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ , ਗਲੋਬਲ ਪੈਡਲਰ ਕਲੱਬ ਸ੍ਰੀ ਅਨੰਦਪੁਰ ਸਾਹਿਬ ਤੋਂ ਮਨਿੰਦਰ ਪਾਲ ਸਿੰਘ ਮਨੀ ,ਅਰੁਣਜੀਤ ਸਿੰਘ ,ਨੂਰਪੁਰ ਬੇਦੀ ਸਾਈਕਲਿੰਗ ਐਸੋਸੀਏਸ਼ਨ ਤੋਂ ਸੰਜੀਵ ਮੋਠਾਪੁਰ ,ਗੁਰਵਿੰਦਰ ਸਿੰਘ ,ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਦੀਪ ਸਿੰਘ ਅਤੇ ਕੀਰਤਪੁਰ ਸਾਹਿਬ ਤੋ ਓਮ ਪ੍ਰਕਾਸ ਓਮੀ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਸਾਮਿਲ ਹੋਏ ,ਜਦੋਂ ਕਿ ਥਾਣਾ ਮੁੱਖੀ ਰੁਪਿੰਦਰ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪੱਤਰਕਾਰ ਭਾਈਚਾਰੇ ਅਤੇ ਸਾਈਕਲਿੰਗ ਐਸੋਸੀਏਸ਼ਨਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ । ਇਹ ਸਾਈਕਲ ਰੈਲੀ ਪੰਜ ਪਿਆਰਾ ਪਾਰਕ ਤੋ ਸ਼ੁਰੂ ਹੋ ਕੇ ਕੀਰਤਪੁਰ ਸਾਹਿਬ ਹੁੰਦੀ ਹੋਈ ਮੁੜ ਸ਼ੁਰੂਆਤੀ ਸਥਾਨ ਤੇ ਖਤਮ ਹੋਈ।
ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਕਾਲ ਦੋਰਾਨ ਵੀ ਉਹਨਾਂ ਵਲੋਂ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਪ੍ਰੇਰਿਤ ਕਰਦੇ ਹੋਏ ਅਜਿਹੇ ਪ੍ਰੋਗਰਾਮ ਅਯੋਜਿਤ ਕੀਤੇ ਜਾਂਦੇ ਰਹੇ ਹਨ ਉਹਨਾਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਇਹਨਾਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਪਹਿਲਾਂ ਵੀ ਪ੍ਰੇਰਿਤ ਕੀਤਾ ਜਾਦਾ ਰਿਹਾ ਹੈ। ਇਸ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਖਾਲਸਾ ਕਾਲਜ ਦੇ ਵਿਦਿਆਰਥੀ, ਪੰਤਵੱਤੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।