ਕਿਸਾਨ ਰਜਿੰਦਰ ਸਿੰਘ ਮੁਰਾਦਪੁਰ ਨੇ ਪਰਾਲੀ ਤੇ ਨਾੜ ਨੂੰ ਅੱਗ ਲਗਾਉਣੀ ਛੱਡੀ
ਦੋ ਕੁਇੰਟਲ ਪ੍ਰਤੀ ਏਕੜ ਵੱਧ ਨਿਕਲ ਰਿਹਾ ਫਸਲਾਂ ਦਾ ਝਾੜ
ਬਟਾਲਾ, 19 ਅਕਤੂਬਰ, 2020 : ਕਾਦੀਆਂ ਨੇੜਲੇ ਪਿੰਡ ਮੁਰਾਦਪੁਰ ਦੇ ਕਿਸਾਨ ਰਜਿੰਦਰ ਸਿੰਘ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਨਾੜ ਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਜਿਸ ਕਾਰਨ ਉਸਦੀਆਂ ਫਸਲਾਂ ਦਾ ਝਾੜ ਪਹਿਲਾਂ ਦੇ ਮੁਕਾਬਲੇ ਵੱਧ ਨਿਕਲ ਰਿਹਾ ਹੈ।
ਕਿਸਾਨ ਰਜਿੰਦਰ ਸਿੰਘ ਆਪਣੇ ਪਿੰਡ ਮੁਰਾਦਪੁਰ ਵਿਖੇ 15 ਏਕੜ ਦੀ ਖੇਤੀ ਹੈ। ਤਿੰਨ ਸਾਲ ਪਹਿਲਾਂ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੇ ਕਹੇ ਅਨੁਸਾਰ ਬਿਨ੍ਹਾਂ ਝੋਨੇ ਦੀ ਪਰਾਲੀ ਸਾੜੇ ਸੁਪਰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ, ਜੋ ਕਿ ਬਹੁਤ ਕਾਮਯਾਬ ਰਹੀ। ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਸੁਪਰ-ਹੈਪੀਸਡਰ ਨਾਲ ਬਿਜਾਈ ਕਰਨ ਦੇ ਬਹੁਤ ਫਾਇਦੇ ਹਨ। ਇੱਕ ਤਾਂ ਉਸਦੀ ਕਣਕ ਦੀ ਬਿਜਾਈ ਲੇਟ ਨਹੀਂ ਹੁੰਦੀ, ਦੂਜਾ ਸਮੇਂ ਦੀ ਬਚਤ ਵੀ ਹੁੰਦੀ ਹੈ। ਇਸ ਤੋਂ ਇਲਾਵਾ ਕਣਕ ਦੀ ਬਿਜਾਈ ਵਿੱਚ ਖਰਚ ਘੱਟ ਆਉਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਉਸਦੀਆਂ ਫਸਲਾਂ ਦਾ ਝਾੜ ਪਹਿਲਾਂ ਦੇ ਮੁਕਾਬਲੇ 2 ਕੁਇੰਟਲ ਪ੍ਰਤੀ ਏਕੜ ਵੱਧ ਨਿਕਲ ਰਿਹਾ ਹੈ।
ਰਜਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾਉਣ ਕਾਰਨ ਉਸਦੀ ਜ਼ਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਵੱਧ ਰਹੀ ਹੈ। ਉਸਨੇ ਦੱਸਿਆ ਕਿ ਅੱਗ ਨਾ ਲਗਾਉਣ ਕਾਰਨ ਵਾਤਾਵਰਨ ਵੀ ਪ੍ਰਦੂਸ਼ਤ ਨਹੀਂ ਹੁੰਦਾ ਜਿਸਦੀ ਉਸਨੂੰ ਬੇਹੱਦ ਖੁਸ਼ੀ ਹੈ। ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਾਰੇ ਕਿਸਾਨ ਹਾਂ-ਪੱਖੀ ਨਜ਼ਰੀਆ ਰੱਖ ਕੇ ਅੱਗ ਲਗਾਉਣ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਯਤਨ ਕਰਨ ਤਾਂ ਇਸ ਵਰਤਾਰੇ ਨੂੰ ਰੋਕਣਾ ਕੋਈ ਵੱਡੀ ਗੱਲ ਨਹੀਂ ਹੈ।
ਰਜਿੰਦਰ ਸਿੰਘ ਮੁਰਾਦਪੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਤੇ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਫਸਲਾਂ ਦੀ ਕਾਸ਼ਤ ਕਰਨ ਅਤੇ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਹਰ ਪੱਖ ਤੋਂ ਬੇਹੱਦ ਫਾਇਦਾ ਹੋਵੇਗਾ।