ਐਡਮਿਰਲ (ਸੇਵਾ ਮੁਕਤ) ਸੁਨੀਲ ਲਾਂਬਾ, ਲੈਫ਼ਟੀਨੇਟ ਜਨਰਲ (ਸੇਵਾ ਮੁਕਤ) ਦੀਪਿੰਦਰਾ ਸਿੰਘ ਹੁੱਡਾ, ਲੈਫ਼. ਜਨਰਲ (ਸੇਵਾ ਮੁਕਤ) ਪਰਵੀਨ ਬਖ਼ਸ਼ੀ, ਸ਼੍ਰੀ ਭਾਰਤ ਕਰਨਦ ਅਤੇ ਆਈ.ਏ.ਐਸ ਰਾਹੁਲ ਭੰਡਾਰੀ
ਹਰਜਿੰਦਰ ਸਿੰਘ ਭੱਟੀ
- 21 ਅਕਤੂਬਰ ਨੂੰ ਭਾਰਤੀ ਫ਼ੌਜਾਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਰਾਸ਼ਟਰੀ ਸੁਰੱਖਿਆ ਮਾਹਰ ਭਾਰਤ-ਚੀਨ ਸਬੰਧਾਂ ’ਤੇ ਕਰਨਗੇ ਵਿਚਾਰ ਸਾਂਝੇ
ਚੰਡੀਗੜ੍ਹ, 19 ਅਕਤੂਬਰ 2020 - ਭਾਰਤ ਅਤੇ ਚੀਨ ਦੀ ਵਪਾਰਕ ਅਤੇ ਆਰਥਿਕ ਤੌਰ ’ਤੇ ਲੰਮੇ ਸਮੇਂ ਤੋਂ ਸਾਂਝ ਰਹੀ ਹੈ ਅਤੇ ਮੌਜੂਦਾ ਸਮੇਂ ’ਚ ਭਾਰਤ-ਚੀਨ ਸਰਹੱਦ ’ਤੇ ਪੈਦਾ ਹੋਇਆ ਤਣਾਅ ਜੱਗ ਜਾਹਿਰ ਹੈ, ਜਿਸ ਦਾ ਅਸਰ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਪੈਂਦਾ ਵਿਖਾਈ ਦੇ ਰਿਹਾ ਹੈ। ਭਾਰਤ-ਚੀਨ ਸਬੰਧਾਂ ਦੇ ਭਵਿੱਖ ਸਬੰਧੀ ਡੂੰਘਾਈ ਨਾਲ ਵਿਚਾਰ ਚਰਚਾ ਕਰਨ ਲਈ ਚੰਡੀਗੜ ਯੂਨੀਵਰਸਿਟੀ ਘੜੂੰਆਂ 21 ਅਕਤੂਬਰ 2020 ਨੂੰ ਵਰਚੁਅਲ ਮੀਟ ਜ਼ਰੀਏ ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਕਰਵਾਉਣ ਜਾ ਰਹੀ ਹੈ। ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਭਾਰਤ-ਚੀਨ ਸਬੰਧਾਂ ਦੇ ਭਵਿੱਖ ’ਤੇ ਖੁੱਲੀਆਂ ਵਿਚਾਰ ਚਰਚਾਵਾਂ ਹੋਣਗੀਆਂ।
ਡੋਕਲਾਮ ਸਰਹੱਦੀ ਮਸਲਾ, ਦੌਲਤ ਬੇਗ ਓਲਡੀ ਜਾਂ ਡੀ.ਬੀ.ਓ ਵਿੱਚ ਤਣਾਅ ਦੀ ਘਟਨਾ ਹੋਵੇ, ਗਾਲਵਾਨ ਘਾਟੀ ਵਿੱਚ ਸਰਹੱਦੀ ਮਸਲਾ ਹੋਵੇ ਜਾਂ ਫਿਰ ਲੱਦਾਖ ਵਿੱਚ ਭਾਰਤ-ਚੀਨ ਫ਼ੌਜਾਂ ਦਾ ਰਵੱਈਆ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਇਤਿਹਾਸ ਪੁਰਾਣਾ ਹੈ ਜਦਕਿ ਇਸ ਤੋਂ ਉਲਟ ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰੀ ਤੌਰ ’ਤੇ ਪੁਰਾਣੀ ਸਾਂਝ ਹੈ। ਇੱਕ ਪਾਸੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕੁੜੱਤਣਸ਼ੀਲ ਹੁੰਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਭਾਰਤ-ਚੀਨ ਵਿਚਾਲੇ ਅਰਬਾਂ ਡਾਲਰਾਂ ਦਾ ਵਪਾਰਕ ਸਬੰਧ ਹੈ।2008 ਵਿੱਚ ਚੀਨ ਭਾਰਤ ਦਾ ਸੱਭ ਤੋਂ ਵਪਾਰਕ ਭਾਈਵਾਲ ਬਣ ਗਿਆ। ਚੀਨ ਨੇ 2014 ਵਿੱਚ ਭਾਰਤ ਵਿੱਚ 116 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ, ਜੋ ਕਿ 2017 ਵਿੱਚ 160 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਅਤੇ 208-19 ’ਚ ਭਾਰਤ ਚੀਨ ਵਿਚਾਲੇ 88 ਅਰਬ ਡਾਲਰ ਦਾ ਦੁਵੱਲਾ ਵਪਾਰਕ ਰਿਸ਼ਤਾ ਕਾਇਮ ਹੋਇਆ। ਮੌਜੂਦਾ ਸਮੇਂ ’ਚ ਚੱਲ ਰਹੇ ਤਣਾਅ ਕਾਰਨ ਭਾਰਤ-ਚੀਨ ਸਬੰਧਾਂ ਦੇ ਭਵਿੱਖ ’ਤੇ ਵੱਖ-ਵੱਖ ਸਵਾਲੀਆ ਨਿਸ਼ਾਨ ਲੱਗ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਹਾਲ ਹੀ ਵਿੱਚ ਭਾਰਤ-ਚੀਨ ਸਬੰਧਾਂ ’ਚ ਆਈ ਕੁੜੱਤਣ ਦੇ ਭਵਿੱਖ ’ਚ ਪੈਦਾ ਹੋਣ ਵਾਲੇ ਅਸਰ ਸਬੰਧੀ ਵਿਚਾਰ ਚਰਚਾ ਲਈ ਚੰਡੀਗੜ ਯੂਨੀਵਰਸਿਟੀ ਵੱਲੋਂ 21 ਅਕਤੂਬਰ ਨੂੰ ਸਵੇਰੇ 11: 00 ਵਜੇ ਤੋਂ 1:00 ਵਜੇ ਤੱਕ ਵਿਚਾਰ ਗੋਸ਼ਟੀ ਉਲੀਕੀ ਗਈ ਹੈ। ਉਨਾਂ ਦੱਸਿਆ ਕਿ ਲਾਈਵ ਚਰਚਾ ਦੌਰਾਨ ਸਾਬਕਾ ਭਾਰਤੀ ਜਲ ਸੈਨਾ ਦੇ ਚੀਫ਼ ਅਤੇ ਚੀਫ਼ਸ ਆਫ਼ ਸਟਾਫ਼ ਕਮੇਟੀ ਦੇ ਸਾਬਕਾ ਚੇਅਰਮੈਨ, ਐਡਮਿਰਲ (ਸੇਵਾ ਮੁਕਤ) ਸੁਨੀਲ ਲਾਂਬਾ, ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਦੇ ਸਾਬਕਾ ਜਨਰਲ ਅਫ਼ਸਰ ਕਮਾਂਡਿੰਗ ਚੀਫ਼ ਲੈਫ਼ਟੀਨੇਟ ਜਨਰਲ (ਸੇਵਾ ਮੁਕਤ) ਦੀਪਿੰਦਰ ਸਿੰਘ ਹੁੱਡਾ, ਪੂਰਬੀ ਕਮਾਂਡ ਦੇ ਸਾਬਕਾ ਜਨਰਲ ਅਫ਼ਸਰ ਕਮਾਡਿੰਗ ਚੀਫ਼ ਲੈਫ਼ਟੀਨੇਟ ਜਨਰਲ (ਸੇਵਾ ਮੁਕਤ) ਪਰਵੀਨ ਬਖ਼ਸ਼ੀ, ਰਾਸ਼ਟਰੀ ਸੁਰੱਖਿਆ ਮਾਹਰ ਅਤੇ ਨੀਤੀਗਤ ਖੋਜ਼ ਲਈ ਐਮਰੀਟਸ ਪ੍ਰੋਫੈਸਰ ਸ਼੍ਰੀ ਭਾਰਤ ਕਰਨਦ ਅਤੇ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਸਕੱਤਰ ਜਲ ਸਰੋਤ ਅਤੇ ਮਿਸ਼ਨ ਡਾਇਰੈਕਟਰ ਅਤੇ ਧਰਤੀ ਹੇਠਲੇ ਜਲ ਪ੍ਰਬੰਧਨ ਦੇ ਡਾਇਰੈਕਟੋਰੇਟ, ਪੰਜਾਬ ਸਰਕਾਰ ਸ਼੍ਰੀ ਰਾਹੁਲ ਭੰਡਾਰੀ (ਆਈ.ਏ.ਐਸ) ਅਤੇ ਹੋਰ ਬੁੱਧੀਜੀਵੀ, ਵਿਸ਼ਾ ਮਾਹਰ ਭਾਰਤ-ਚੀਨ ਸਬੰਧਾਂ ਦੇ ਭਵਿੱਖ ’ਤੇ ਵਿਚਾਰ ਵਟਾਂਦਰੇ ਕਰਨਗੇ।
ਸ. ਸੰਧੂ ਨੇ ਦੱਸਿਆ ਕਿ ਵਿਚਾਰ ਗੋਸ਼ਟੀ ਦਾ ਸਿੱਧਾ ਪ੍ਰਸਾਰਨ 21 ਅਕਤੂਬਰ 2020 ਨੂੰ 11:00 ਵਜੇ ਚੰਡੀਗੜ ਯੂਨੀਵਰਸਿਟੀ ਦੇ ਯੂ-ਟਿਊਬ ਚੈਨਲ ਸਮੇਤ ਹੋਰਨਾਂ ਸੋਸ਼ਲ ਮੀਡੀਆ ਪੇਜਾਂ ’ਤੇ ਕੀਤਾ ਜਾਵੇਗਾ। ਇਸ ਮੌਕੇ ਉਨਾਂ ਸਮੂਹ ਵਿਦਿਆਰਥੀਆਂ, ਬੁੱਧੀਜੀਵੀਆਂ, ਚਿੰਤਕਾਂ ਨੂੰ ਇਸ ਮਹੱਤਵਪੂਰਨ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਹਾਰਦਿਕ ਸੱਦਾ ਦਿੱਤਾ।