ਰਜਨੀਸ਼ ਸਰੀਨ
- ਸਿਰਫ ਨਵੀਆਂ ਨਿਯੁਕਤੀਆਂ ਵਾਲੇ ਮੁਲਾਜ਼ਮਾਂ ‘ਤੇ ਲਾਗੂ ਹੋਣਗੇ ਆਦੇਸ਼
- ਨਵੀਂ ਭਰਤੀ ਲਈ ਹੋਇਆ ਰਾਹ ਪੱਧਰਾ
ਪਟਿਆਲਾ, 21 ਅਕਤੂਬਰ 2020 - ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੀ ਪ੍ਰਵਾਨਗੀ ਨਾਲ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਮੁਲਾਜ਼ਮਾਂ ਦੇ ਪੇ ਸਕੇਲ ਸਬੰਧੀ ਜਾਰੀ ਹੋਏ ਨੋਟੀਫਿਕੇਸ਼ਨ ਨਾਲ ਵਿਭਾਗ ‘ਚ ਨਵੀਂ ਭਰਤੀ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਨੋਟੀਫਿਕੇਸ਼ਨ ਨਾਲ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਅੱਜ ਜਾਰੀ ਹੋਈ ਸੋਧੀ ਅਧਿਸੂਚਨਾ ਅਨੁਸਾਰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਨਵੇਂ ਪੇ ਸਕੇਲ ਵਿਭਾਗ ਦੇ ਮੌਜੂਦਾ ਅਧਿਕਾਰੀਆਂ/ਮੁਲਾਜ਼ਮਾਂ ‘ਤੇ ਲਾਗੂ ਨਹੀਂ ਹੋਣਗੇ ਅਤੇ ਸਿਰਫ ਭਵਿੱਖ ‘ਚ ਨਿਯੁਕਤ ਹੋਣ ਵਾਲੇ ਮੁਲਾਜ਼ਮਾਂ ‘ਤੇ ਲਾਗੂ ਹੋਣਗੇ।
ਵਿਭਾਗ ਦੇ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 17 ਜੁਲਾਈ 2020 ਨੂੰ ਰਾਜ ਦੇ ਸਾਰੇ ਵਿਭਾਗਾਂ ਨੂੰ ਇੱਕ ਪੱਤਰ (ਨੰਬਰ 7/42/2020-5ਐਫਪੀ1/741-746) ਰਾਹੀਂ ਆਦੇਸ਼ ਦਿੱਤਾ ਸੀ ਕਿ ਕਿਸੇ ਵੀ ਕਿਸਮ ਦੀ ਭਰਤੀ ਤੋਂ ਪਹਿਲਾ ਸਬੰਧਤ ਵਿਭਾਗ ਨੂੰ ਆਪਣੇ ਮੁਲਾਜ਼ਮਾਂ ਲਈ ਨਵੇਂ ਪੇ ਸਕੇਲਾਂ ਸਬੰਧੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਮਾਮਲੇ ‘ਚ ਸਕੂਲ ਸਿੱਖਿਆ ਵਿਭਾਗ ਨੇ ਪਹਿਲਕਦਮੀ ਕਰਦਿਆਂ ਆਪਣੇ ਮੁਲਾਜ਼ਮਾਂ ਲਈ ਨਵੇਂ ਪੇ ਸਕੇਲ ਸਬੰਧੀ ਵਿੱਤ ਵਿਭਾਗ ਤੋਂ ਮਨਜੂਰੀ ਲੈ ਲਈ ਹੈ, ਜਿਸ ਨਾਲ ਵਿਭਾਗ ਵੱਲੋਂ ਪ੍ਰਿੰਸੀਪਲਾਂ ਤੋਂ ਲੈ ਕੇ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਨਿਯੁਕਤੀਆਂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਮੁਲਾਜ਼ਮਾਂ ਦੇ ਵਿੱਤ ਸਬੰਧੀ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਪੇ ਸਕੇਲਾਂ ਦਾ ਨਵੇਂ ਨਿਯੁਕਤ ਹੋਣ ਵਾਲੇ ਅਧਿਕਾਰੀਆਂ/ਮੁਲਾਜ਼ਮਾਂ ਨੂੰ ਬਹੁਤ ਫਾਇਦਾ ਹੋਵੇਗਾ। ਮਿਸਾਲ ਵਜੋਂ ਇਸ ਸਮੇਂ ਵਿਭਾਗ ‘ਚ ਪ੍ਰੋਬੇਸ਼ਨ ਪੀਰੀਅਡ ‘ਤੇ ਕਾਰਜਸ਼ੀਲ ਪ੍ਰਿੰਸੀਪਲਾਂ ਨੂੰ 15 ਹਜ਼ਾਰ ਦੇ ਕਰੀਬ ਤਨਖਾਹ ਮਿਲ ਰਹੀ ਹੈ, ਜਦੋਂ ਕਿ ਨਵੇਂ ਭਰਤੀ ਹੋਣ ਵਾਲੇ ਪ੍ਰਿੰਸੀਪਲਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ 56100 ਰੁਪਏ ਤਨਖਾਹ ਮਿਲੇਗੀ।
ਇਸੇ ਤਰ੍ਹਾਂ ਮੌਜੂਦਾ ਸਮੇਂ ਮੁੱਖ ਅਧਿਆਪਕਾਂ ਨੂੰ 10300 ਰੁਪਏ ਮਿਲ ਰਹੇ ਹਨ ਪਰ ਭਵਿੱਖ ‘ਚ ਨਿਯੁਕਤ ਹੋਣ ਵਾਲੇ ਮੁੱਖ ਅਧਿਆਪਕਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੀਰਾਨ 35400 ਰੁਪਏ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਜੇਕਰ ਵਿਭਾਗ ‘ਚ ਕੋਈ ਵੀ ਨਵੀਂ ਨਿਯੁਕਤੀ ਨਵੇਂ ਪੇ ਸਕੇਲ ਅਨੁਸਾਰ ਹੁੰਦੀ ਹੈ ਤਾਂ ਪਿਛਲੇ ਸਮੇਂ ਤੋਂ ਪ੍ਰੋਬੇਸ਼ਨ ਪੀਰੀਅਡ ‘ਤੇ ਕਾਰਜਸ਼ੀਲ ਅਧਿਕਾਰੀ/ਮੁਲਾਜ਼ਮ ਜੂਨੀਅਰ ਮੁਲਾਜ਼ਮਾਂ ਨੂੰ ਮਿਲਣ ਵਾਲੇ ਵਧੇਰੇ ਪੇ ਸਕੇਲ ਨੂੰ ਲੈਣ ਦੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ।