ਅਸ਼ੋਕ ਵਰਮਾ
ਬਠਿੰਡਾ, 22 ਅਕਤੂਬਰ 2020 - ਬਠਿੰਡਾ ਦੀ ਗਰੀਨ ਸਿਟੀ ਕਲੋਨੀ 'ਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਪਰਿਵਾਰ ਦੇ ਸਾਰੇ ਜੀਆਂ ਨੂੰ ਗੋਲੀ ਮਾਰਨ ਮਗਰੋਂ ਖੁਦ ਵੀ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਦਵਿੰਦਰ ਗਰਗ (41), ਉਸ ਦੀ ਪਤਨੀ ਮੀਨਾ ਗਰਗ (38) ਅਤੇ ਉਨ੍ਹਾਂ ਦੇ ਬੱਚੇ ਆਰੂਸ਼ ਗਰਗ (14) ਅਤੇ ਮੁਸਕਾਨ ਗਰਗ (10) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਵਿੰਦਰ ਗਰਗ ਵੱਲੋਂ ਪਿਸਤੌਲ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀ ਮਾਰਨ ਮਗਰੋਂ ਆਪ ਵੀ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਘਟਨਾ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਦੇ ਆਧਾਰ 'ਤੇ ਪੁਲਿਸ ਨੇ ਨੌਂ ਜਣਿਆ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਕੁੱਝ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਹੈ।
ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ 'ਤੇ ਪੁੱਜੇ ਤਾਂ ਕਮਰੇ ਵਿਚ ਖੂਨ ਹੀ ਖੂਨ ਵਗ ਰਿਹਾ ਸੀ। ਸੂਚਨਾ ਮਿਲਦਿਆਂ ਹੀ ਪੁੱਜੀ ਪੁਲਿਸ ਟੀਮ ਨੇ ਦਵਿੰਦਰ ਗਰਗ ਵੱਲੋਂ ਲਿਖ਼ਿਆ 'ਖ਼ੁਦਕੁਸ਼ੀ ਨੋਟ' ਵੀ ਮੌਕੇ ਤੋਂ ਬਰਾਮਦ ਕੀਤਾ[ ਮ੍ਰਿਤਕ ਦਵਿੰਦਰ ਗਰਗ ਆਨ ਲਾਈਨ ਟ੍ਰੇਡਿੰਗ ਦਾ ਕੰਮ ਕਰਦਾ ਸੀ ਕਾਫੀ ਸਮਾਂ ਪਹਿਲਾਂ ਉਹ ਚਿੱਟ ਫ਼ੰਡ ਕੰਪਨੀ ਵਿੱਚ ਪੈਸਾ ਲਾਉਂਦਾ ਰਿਹਾ।
ਵਪਾਰਿਕ ਘਰਾਣਿਆਂ 'ਚ ਉਸਦੀ ਇੱਕ ਚੰਗੇ ਵਪਾਰੀ ਵਜੋਂ ਸ਼ਾਖ ਬਣੀ ਹੋਈ ਸੀ ਪਰ ਕੁੱਝ ਸਮਾਂ ਪਹਿਲਾਂ ਵਪਾਰ ਵਿੱਚ ਘਾਟਾ ਪਿਆ ਤਾਂ ਆਪਣਾ ਜੱਦੀ ਘਰ ਵੀ ਵੇਚਣਾ ਪੈ ਗਿਆ ਹੁਣ ਉਹ ਆਪਣੇ ਪਰਿਵਾਰ ਸਮੇਤ ਗਰੀਨ ਸਿਟੀ, ਫੇਜ਼-2 ਦੀ ਕੋਠੀ ਨੰਬਰ 284 ਵਿੱਚ ਕਿਰਾਏ ਦੇ ਮਕਾਨ 'ਚ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਸੀ।
ਵਾਰਦਾਤ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪੁੱਜੇ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਦਵਿੰਦਰ ਗਰਗ ਆਨ ਲਾਈਨ ਟ੍ਰੇਡਿੰਗ ਦਾ ਕੰਮ ਕਰਦਾ ਸੀ ਉਨ੍ਹਾਂ ਉਸ ਕੋਲੋਂ ਅੱਠ ਪੰਨਿਆਂ ਦਾ ਖ਼ੁਦਕੁਸ਼ੀ ਨੋਟ ਮਿਲਣ ਬਾਰੇ ਦੱਸਦਿਆਂ ਕਿਹਾ ਕਿ ਇਸ ਵਿਚ ਮ੍ਰਿਤਕ ਨੂੰ ਤੰਗ ਕਰਨ ਵਾਲੇ 9 ਵਿਅਕਤੀਆਂ ਦੇ ਨਾਂਅ ਹਨ ਜਿੰਨ੍ਹਾਂ 'ਚੋਂ ਇਕ ਵਿਅਕਤੀ ਦਿੱਲੀ ਦਾ, ਕੁੱਝ ਬਠਿੰਡਾ ਜ਼ਿਲ੍ਹੇ ਦੇ ਅਤੇ ਕੁਝ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਐਸਐਸਪੀ ਨੇ ਕਿਹਾ ਕਿ ਮ੍ਰਿਤਕ ਦੇ ਫ਼ੋਨ ਦੀ ਮਦਦ ਨਾਲ ਦੋਸ਼ੀਆਂ ਦਾ ਟਿਕਾਣਾ ਲੱਭਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਘਟਨਾ ਦੇ ਸਬੰਧ 'ਚ ਮੁਲਜ਼ਮਾਂ ਖ਼ਿਲਾਫ਼ ਧਾਰਾ 306 ਅਤੇ ਮ੍ਰਿਤਕ ਦਵਿੰਦਰ ਕੁਮਾਰ ਵਿਰੁੱਧ ਵੀ ਧਾਰਾ 302 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਵਪਾਰ 'ਚੋਂ ਘਾਟੇ ਤੋਂ ਦੁਖੀ ਸ਼ਹਿਰ ਦੇ ਇੱਕ ਨਾਮਵਾਰ ਵਪਾਰੀ ਦਵਿੰਦਰ ਗਰਗ ਨੇ ਅੱਜ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਖੁਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ। ਜ਼ਿਲ੍ਹੇ 'ਚ ਇੱਕੋ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਆਤਮ ਹੱਤਿਆ ਦਾ ਥੋੜ੍ਹੇ ਦਿਨਾਂ 'ਚ ਹੀ ਇਹ ਦੂਜਾ ਵੱਡਾ ਮਾਮਲਾ ਹੈ ਇਸ ਤੋਂ ਪਹਿਲਾਂ ਪਿੰਡ ਹਮੀਰਗੜ੍ਹ ਵਿਖੇ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਨੂੰ ਫਾਹਾ ਦੇਣ ਮਗਰੋਂ ਖੁਦ ਵੀ ਖੁਦਕੁਸ਼ੀ ਕਰ ਲਈ ਸੀ।