ਜੀ ਐਸ ਪੰਨੂ
ਪਟਿਆਲਾ, 23 ਅਕਤੂਬਰ 2020 - ਪਟਿਆਲਾ ਪੁਲਿਸ ਨੇ ਗਰਭਵਤੀ ਔਰਤਾਂ ਦਾ ਗ਼ੈਰ ਕਾਨੂੰਨੀ ਢੰਗ ਨਾਲ ਲਿੰਗ ਟੈਸਟ ਕਰਨ ਵਾਲੇ ਗਿਰੋਹ ਨੂੰ ਬੇਪਰਦ ਕਰਕੇ ਗਿਰੋਹ ਦੇ ਚਾਰ ਮੈਂਬਰਾਂ ਗ੍ਰਿਫ਼ਤਾਰ ਕਰਨ ਸਮੇਤ ਇਕ ਅਲਟਰਾਸਾਊਂਡ ਮਸ਼ੀਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਿੰਡ ਚੌਰਾ ਵਿਖੇ ਨਜਾਇਜ਼ ਤੌਰ 'ਤੇ ਇੱਕ ਘਰ ਵਿੱਚ ਚੱਲ ਰਹੇ ਸੈਂਟਰ, ਜਿਸ ਵਿੱਚ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਗਰਭਵਤੀ ਔਰਤਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਲਿੰਗ ਟੈਸਟ ਕਰਨ ਅਤੇ ਉਨ੍ਹਾਂ ਦਾ ਗਰਭਪਾਤ ਕਰਵਾਉਣ ਵਾਲੇ ਦੋਸ਼ੀ ਮੀਨਾ ਰਾਣੀ ਪਤਨੀ ਲੇਟ ਰਵਿੰਦਰ ਸਿੰਘ ਵਾਸੀ ਸਟਾਰ ਸਿਟੀ ਚੌਰਾ, ਜਰਨੈਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਵਾਜਪੁਰ, ਡਾਕਟਰ ਅਨਿਲ ਕਪੂਰ ਪੁੱਤਰ ਲੇਟ ਚੰਦ ਪ੍ਰਕਾਸ਼ ਕਪੂਰ ਵਾਸੀ ਗੁਰਬਖਸ਼ ਕਲੋਨੀ ਅਤੇ ਰਾਜੀਵ ਕੁਮਾਰ ਉਰਫ਼ ਰਾਜੂ ਪੁੱਤਰ ਰਾਜਪਾਲ ਹਾਲ ਵਾਸੀ ਕਿਰਾਏਦਾਰ ਅਰਬਨ ਅਸਟੇਟ ਫੇਸ-1 ਪਟਿਆਲਾ ਦੇ ਖਿਲਾਫ਼ ਗਰਭ ਵਿੱਚ ਲਿੰਗ ਜਾਂਚ ਦੀਆਂ ਤਕਨੀਕਾਂ ਦੀ ਦੁਰਵਰਤੋਂ ਵਿਰੁੱਧ ਐਕਟ ਅਧੀਨ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਇਨ੍ਹਾਂ ਵੱਲੋਂ ਅਣਅਧਿਕਾਰਤ ਤੌਰ 'ਤੇ ਵਰਤੀ ਜਾਣ ਵਾਲੀ ਲਿੰਗ ਜਾਂਚ ਕਰਨ ਵਾਲੀ ਅਲਟਰਾਸਾਊਂਡ ਮਸ਼ੀਨ ਅਤੇ ਕਾਫ਼ੀ ਮਾਤਰਾ ਵਿੱਚ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। 22 ਅਕਤੂਬਰ ਨੂੰ ਸਿਵਲ ਸਰਜਨ ਪਟਿਆਲਾ ਵੱਲੋਂ ਸੂਚਨਾ ਮਿਲਣ 'ਤੇ ਇੱਕ ਸਪੈਸ਼ਲ ਟੀਮ ਦਾ ਗਠਨ ਐਸ.ਪੀ. ਸਿਟੀ ਵਰੁਣ ਸ਼ਰਮਾ ਦੀ ਅਗਵਾਈ ਵਿਚ ਡਾਕਟਰ ਜਤਿੰਦਰ ਕਾਂਸਲ (ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ) ਸਮੇਤ ਤਿੰਨ ਮਾਹਿਰ ਡਾਕਟਰ ਸ਼ਾਮਲ ਸਨ। ਪੁਲਿਸ ਪਾਰਟੀ ਨੇ ਫੌਰੀ ਕਾਰਵਾਈ ਕਰਦੇ ਹੋਏ ਮੀਨਾ ਰਾਣੀ ਦੇ ਰਿਹਾਇਸ਼ੀ ਮਕਾਨ ਸਟਾਰ ਸਿਟੀ ਕਲੋਨੀ ਚੌਰਾ ਵਿਖੇ ਰੇਡ ਕੀਤਾ, ਜਿੱਥੇ ਡਰੱਗ ਇੰਸਪੈਕਟਰ ਮਨਦੀਪ ਮਾਨ ਅਤੇ ਸੰਤੋਸ਼ ਕੁਮਾਰ ਵੀ ਪੁਜੇ ਸੀ।
ਪੁਲਿਸ ਰੇਡ ਦੌਰਾਨ ਮੀਨਾ ਰਾਣੀ ਪਤਨੀ ਲੇਟ ਰਵਿੰਦਰ ਸਿੰਘ, ਜਰਨੈਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ, ਡਾਕਟਰ ਅਨਿਲ ਕਪੂਰ ਪੁੱਤਰ ਲੇਟ ਚੰਦ ਪ੍ਰਕਾਸ਼ ਕਪੂਰ ਅਤੇ ਰਾਜੀਵ ਕੁਮਾਰ ਉਰਫ਼ ਰਾਜੂ ਪੁੱਤਰ ਰਾਜਪਾਲ ਨੂੰ ਉਕਤ ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋ ਵਰਤੀ ਜਾਣ ਵਾਲੀ ਅਲਟਰਾਸਾਊਂਡ ਮਸ਼ੀਨ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਪੁਲਿਸ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਾਕਟਰ ਅਨਿਲ ਕਪੂਰ ਅਜਿਹੀਆਂ ਗਰਭਵਤੀ ਔਰਤਾਂ ਨੂੰ ਮੀਨਾ ਰਾਣੀ ਪਾਸ ਭੇਜਦੇ ਸਨ, ਜਿੱਥੇ ਮੀਨਾ ਰਾਣੀ ਆਪਣੇ ਸਾਥੀ ਜਰਨੈਲ ਸਿੰਘ, ਰਾਜੀਵ ਕੁਮਾਰ ਉਰਫ਼ ਰਾਜੂ ਨਾਲ ਮਿਲ ਕੇ ਅਲਟਰਾਸਾਊਂਡ ਮਸ਼ੀਨ ਦਾ ਬੰਦੋਬਸਤ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਗ੍ਰਹਿ ਸਟਾਰ ਸਿਟੀ ਚੌਰਾ ਵਿਖੇ ਗਰਭਵਤੀ ਔਰਤਾਂ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਟੈਸਟ ਰਾਹੀ ਲਿੰਗ ਜਾਂਚ ਕਰਨ ਦੇ 40/50 ਹਜ਼ਾਰ ਰੁਪਏ ਲੈਂਦੇ ਸਨ। ਲਿੰਗਕ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਰਭਪਾਤ ਕਰਨ ਲਈ ਵੀ ਪ੍ਰੇਰਿਤ ਕਰਦੇ ਸਨ ਅਤੇ ਉਸ ਦੇ ਵੀ ਅਲੱਗ ਪੈਸੇ ਲੈਂਦੇ ਸਨ। ਮੀਨਾ ਰਾਣੀ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਆਪ ਨੂੰ ਇਸ ਕੰਮ ਲਈ ਆਥੋਰਾਈਜਡ ਅਤੇ ਕੁਆਲੀਫਾਈਡ ਦੱਸਦੀ ਸੀ।
ਜਦੋਂ ਕਿ ਮੀਨਾ ਰਾਣੀ ਨੈਸ਼ਨਲ ਹੈੈਲਥ ਮਿਸ਼ਨ ਤਹਿਤ ਏ.ਐਨ.ਐਮ, ਸਬ ਸੈਂਟਰ ਜਲਾਲਪੁਰ ਵਿਖੇ ਲੱਗੀ ਹੋਈ ਹੈ। ਇਸ ਦੇ ਖਿਲਾਫ਼ ਪਹਿਲਾ ਵੀ ਲਿੰਗ ਜਾਂਚ ਕਰਨ ਅਤੇ ਗਰਭਪਾਤ ਕਰਨ ਸਬੰਧੀ ਚਾਰ ਮੁੱਕਦਮੇ ਦਰਜ ਹਨ। ਇਸ ਤਰਾਂ ਉਪਰੋਕਤ ਦੋਸ਼ੀ ਹਮ-ਮਸਵਰਾ ਹੋ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਗਰਭਵਤੀ ਔਰਤਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਸਨ। ਉਨ੍ਹਾਂ ਵੱਲੋ ਅਜਿਹਾ ਕਰਨ ਨਾਲ ਕਿਸੇ ਸਮੇਂ ਵੀ ਗਰਭਵਤੀ ਔਰਤ ਦੀ ਜਾਨ ਜਾ ਸਕਦੀ ਸੀ ।ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ, ਜੋ ਇਹਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।