ਹਰਦਮ ਮਾਨ
ਸਰੀ, 23 ਅਕਤੂਬਰ 2020: ਵੈਨਕੂਵਰ ਅਤੇ ਸਰੀ ਦੇ ਸ਼ਾਪਰਜ਼ ਡਰੱਗ ਮਾਰਟ ਸਟੋਰਾਂ 'ਤੇ ਕੰਮ ਕਰ ਰਹੇ ਦੋ ਕਰਮਚਾਰੀ ਕੋਵਿਡ -19 ਤੋਂ ਪ੍ਰਭਾਵਿਤ ਹੋਏ ਦੱਸੇ ਗਏ ਹਨ। ਲੌਬਲਾਅ ਕੰਪਨੀ ਨੇ ਇਹ ਪੁਸ਼ਟੀ ਕਰਦਿਆਂ ਕਿਹਾ ਹੈ ਕਿ 370 ਈਸਟ ਬ੍ਰਾਡਵੇਅ ਵੈਨਕੂਵਰ ਤੇ ਸਥਿਤ ਇਕ ਸ਼ਾਪਰਜ਼ ਡਰੱਗ ਮਾਰਟ ਦੇ ਸਟਾਫ ਮੈਂਬਰਾਂ ਵਿਚੋਂ ਇਕ ਦਾ ਕੋਵਿਡ-19 ਟੈਸਟ ਪੌਜ਼ੇਟਿਵ ਆਇਆ ਹੈ। ਇਸ ਕਰਮਚਾਰੀ ਨੇ ਇਸ ਸਟੋਰ ਵਿਚ ਆਖਰੀ ਦਿਨ 8 ਅਕਤੂਬਰ ਨੂੰ ਕੰਮ ਕੀਤਾ ਸੀ।
ਇਸੇ ਤਰ੍ਹਾਂ ਸਰੀ ਵਿਚ 12830, 96 ਐਵਨਿਊ ਤੇ ਸਥਿਤ ਸ਼ਾਪਰਜ਼ ਡਰੱਗ ਮਾਰਟ 'ਤੇ ਕੰਮ ਕਰਨ ਵਾਲੇ ਇਕ ਹੋਰ ਕਰਮਚਾਰੀ ਦਾ ਟੈਸਟ ਪੌਜ਼ੇਟਿਵ ਆਇਆ ਹੈ। ਇਸ ਕਰਮਚਾਰੀ ਨੇ ਇਸ ਸਟੋਰ ਵਿਚ ਆਖਰੀ ਦਿਨ 9 ਅਕਤੂਬਰ ਨੂੰ ਡਿਊਟੀ ਦਿੱਤੀ ਸੀ। ਇਸ ਸਟੋਰ ਤੇ ਕੰਮ ਕਰਨ ਵਾਲਾ ਇਹ ਦੂਜਾ ਕਰਮਚਾਰੀ ਹੈ ਜੋ ਕੋਵਿਡ-19 ਤੋਂ ਪ੍ਰਭਾਵਿਤ ਹੋਇਆ ਹੈ। ਕੱਲ੍ਹ ਕੰਪਨੀ ਨੇ ਪੁਸ਼ਟੀ ਕੀਤੀ ਕਿ 14 ਅਕਤੂਬਰ ਨੂੰ ਇਸ ਸਟੋਰ ਦੇ ਇੱਕ ਕਰਮਚਾਰੀ ਦਾ ਕੋਰੋਨਾ ਵਾਇਰਸ ਲਈ ਕੀਤਾ ਟੈਸਟ ਸਕਾਰਾਤਮਕ ਆਇਆ ਸੀ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਭਾਵਿਤ ਥਾਵਾਂ ਤੇ ਗਏ ਲੋਕਾਂ ਨੂੰ ਜੇਕਰ ਲਾਗ ਲੱਗਣ ਦਾ ਖ਼ਦਸ਼ਾ ਹੈ, ਤਾਂ ਉਹ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨ ਅਤੇ ਲੱਛਣਾਂ ਦੀ ਨਿਗਰਾਨੀ ਕਰਦੇ ਰਹਿਣ।