← ਪਿਛੇ ਪਰਤੋ
ਜਗਦੀਸ਼ ਥਿੰਦ
ਅਬੋਹਰ, 24 ਅਕਤੂਬਰ ਅਬੋਹਰ ਨਗਰ ਨਿਗਮ ਦੀ ਟੀਮ ਨੇ ਅੱਜ 30 ਕੁਇੰਟਲ ਪੌਲੀਥੀਨ ਮਾਰਕਿਟ ਵਿਚ ਜਾਣ ਤੋਂ ਰੋਕਿਆ ਹੈ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਨੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੌਲੀਥੀਨ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਵਾਤਾਵਰਨ ਲਈ ਬਹੁਤ ਹੀ ਨੁਕਸਾਨਦਾਇਕ ਹੈ ਅਤੇ ਲੰਬਾ ਸਮਾਂ ਤੱਕ ਪਏ ਰਹਿਣ ਦੇ ਬਾਵਜੂਦ ਨਸ਼ਟ ਨਹੀਂ ਹੁੰਦਾ ਹੈ। ਇਸ ਤੋਂ ਬਿਨਾਂ ਪੌਲੀਥੀਨ ਦੇ ਲਿਫਾਫੇ ਸੀਵਰੇਜ ਵਿਚ ਜਾ ਕੇ ਸੀਵਰੇਜ ਨੂੰ ਜਾਮ ਕਰਦੇ ਹਨ ਅਤੇ ਜਿਸ ਨਾਲ ਸਾਡੇ ਘਰਾਂ ਦੇ ਆਸਪਾਸ ਹੀ ਗੰਦਾ ਪਾਣੀ ਖੜਾ ਹੁੰਦੀ ਹੈ ਜਿਸ ਨਾਲ ਗੰਭੀਰ ਬਿਮਾਰੀਆਂ ਫੈਲਦੀਆਂ ਹਨ। ਉਨਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਅਜਿਹੇ ਅਨਸਰਾਂ ਖਿਲਾਫ ਸਖ਼ਤੀ ਜਾਰੀ ਰਹੇਗੀ ਜੋ ਬਾਹਰੋਂ ਸ਼ਹਿਰ ਵਿਚ ਪੌਲੀਥੀਨ ਲਿਆ ਕੇ ਵੇਚਦੇ ਹਨ। ਉਨਾਂ ਨੇ ਕਿਹਾ ਕਿ ਸਾਡਾ ਸ਼ਹਿਰ ਸਾਡੀ ਜਿੰਮੇਵਾਰੀ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਪੌਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦ ਵੀ ਬਜਾਰ ਖਰੀਦਦਾਰੀ ਲਈ ਜਾਣ ਤਾਂ ਆਪਣੇ ਘਰ ਤੋਂ ਕਪੜੇ ਦਾ ਥੈਲਾ ਜਰੂਰ ਲੈ ਕੇ ਜਾਣ। ਇੱਥੇ ਜਿਕਰਯੋਗ ਹੈ ਕਿ ਅੱਜ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਅਤੇ ਉਨਾਂ ਦੀ ਟੀਮ ਨੇ ਵੱਡੀ ਪੌੜੀ ਨੇੜਿਓ ਸੁਨੀਲ ਕੁਮਾਰ ਨਾਂਅ ਦੇ ਵਿਅਕਤੀ ਵੱਲੋਂ 30 ਕੁਇੰਟਲ ਪੌਲੀਥੀਨ ਸ਼ਹਿਰ ਵਿਚ ਲਿਆ ਕੇ ਵੇਚਣ ਤੋਂ ਪਹਿਲਾਂ ਹੀ ਉਸਦਾ ਪਤਾ ਲਗਾ ਲਿਆ ਅਤੇ ਇਸ ਨੂੰ ਬਜਾਰ ਵਿਚ ਜਾਣ ਤੋਂ ਰੋਕ ਦਿੱਤਾ ਗਿਆ।
Total Responses : 930