ਅਸ਼ੋਕ ਵਰਮਾ
- ਮਾਮਲਾ ਪੰਜਾਬ ‘ਚ ਬਾਹਰੀ ਸੂਬਿਆਂ ਤੋਂ ਆ ਰਹੇ ਝੋਨੇ ਦਾ
ਬਠਿੰਡਾ, 24 ਅਕਤੂਬਰ 2020 - ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਬਾਹਰੀ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ ‘ਚ ਵੱਡੀ ਪੱਧਰ ‘ਤੇ ਵਿਕਣ ਆ ਰਹੇ ਝੋਨੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਸਪੈਸ਼ਲ ਟਾਸਕ ਫੋਰਸ ਨੂੰ ਮਹਿਜ਼ ਖਾਨਾਪੂਰਤੀ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਗੋਰਖ-ਧੰਦੇ ‘ਚ ਸੱਤਾਧਾਰੀ ਕਾਂਗਰਸ ਦੇ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਦੇ ਕਥਿਤ ਤੌਰ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ ਅਤੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਅਸਤੀਫ਼ਾ ਮੰਗਿਆ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਇਸ ਅੰਤਰਰਾਜੀ ਮੰਡੀ ਮਾਫ਼ੀਆ ‘ਚ ਪੰਜਾਬ ਦੇ ਕਾਂਗਰਸੀ ਆਗੂ, ਵਿਧਾਇਕ ਅਤੇ ਮੰਤਰੀ ਕਥਿਤ ਤੌਰ ਤੇ ਖ਼ੁਦ ਸ਼ਾਮਲ ਹਨ ਅਤੇ ਇਸ ਧੰਦੇ ਨੂੰ ਕਥਿਤ ਸਰਕਾਰੀ ਸਰਪ੍ਰਸਤੀ ਹੇਠ ਸ਼ਰਾਬ ਅਤੇ ਰੇਤ ਮਾਫ਼ੀਆ ਵਾਂਗ ਪੂਰੇ ਸੰਗਠਨਾਤਮਕ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਟਿਆਲਾ ਪਨਸਪ ਦੇ ਜ਼ਿਲਾ ਮੈਨੇਜਰ ਦੀ ਵਟਸਐਪ ਚੈਟ ਨੇ ਸਬੂਤਾਂ ਸਾਹਿਤ ਇੱਥੋਂ ਤੱਕ ਪੁਸ਼ਟੀ ਕਰ ਦਿੱਤੀ ਹੈ ਕਿ ਕਿਸਾਨਾਂ ਦੀ ਕੀਤੀ ਜਾ ਰਹੀ ਕਥਿਤ ਅੰਨੀ ਲੁੱਟ ਦਾ ਹਿੱਸਾ ਮੰਤਰੀਆਂ ਕਾਂਗਰਸੀ ਯੁਵਰਾਜ ਤੱਕ ਵੀ ਜਾਂਦਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘‘ਅੱਧੇ ਤੋਂ ਵੱਧ ਸੀਜ਼ਨ ਲੰਘ ਗਿਆ ਹੈ। ਮਾਫ਼ੀਆ ਕੋਲੋਂ ਮਿਲਦੇ ਮੋਟੇ ਕਮਿਸ਼ਨ ਕਾਰਨ ਸਰਕਾਰੀ ਤੰਤਰ ਨੇ ਅੱਖਾਂ ਮੀਟੀਆਂ ਹੋਈਆਂ ਸਨ। ਹੁਣ ਜਦ ਕਿਸਾਨਾਂ ਨੇ ਆਪਣੇ ਹਿਤਾਂ ਲਈ ਬਾਹਰਲੇ ਟਰੱਕ ਖ਼ੁਦ ਘੇਰਨੇ ਸ਼ੁਰੂ ਕਰ ਦਿੱਤੇ ਤਾਂ ਸਰਕਾਰ ਨੇ ਜ਼ਿਲਾ ਟਾਸਕ ਫੋਰਸਾਂ ਦੇ ਗਠਨ ਦਾ ਡਰਾਮਾ ਕਰ ਦਿੱਤਾ।’’
ਸੰਧਵਾਂ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨਲਾਇਕੀਆਂ ਅਤੇ ਪ੍ਰਬੰਧ ਹੀਣਤਾ ਕਾਰਨ ਜਿੱਥੇ ਯੂ.ਪੀ-ਬਿਹਾਰ ਦੇ ਕਿਸਾਨਾਂ ਦਾ ਵਿਚੋਲੀਏ ਸੱਤਾਧਾਰੀ ਸਿਆਸਤਦਾਨਾਂ ਨਾਲ ਮਿਲ ਕੇ ਸ਼ੋਸ਼ਣ ਕਰ ਰਹੇ ਹਨ, ਉੱਥੇ ਯੂ.ਪੀ.-ਬਿਹਾਰ ਤੋਂ ਅੱਧੇ ਮੁੱਲ ਖ਼ਰੀਦੇ ਝੋਨੇ ਨੂੰ ਪੰਜਾਬ ‘ਚ ਐਮਐਸਪੀ ‘ਤੇ ਵੇਚ ਕੇ ਪੰਜਾਬ ਦੇ ਕਿਸਾਨਾਂ ਦੇ ਹਿਤਾਂ ‘ਤੇ ਡਾਕੇ ਮਾਰੇ ਜਾ ਰਹੇ ਹਨ। ਸੰਧਵਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੇ ਝੋਨੇ ਦੀ ਖ਼ਰੀਦ ਲਈ ਜਾਰੀ ਹੋਈ ਕੈਸ਼ ਕਰੈਡਿਟ ਲਿਮਟ (ਸੀਸੀਐਲ) ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਕਿਸਾਨਾਂ ਦੇ ਪਿਛੇਤੇ ਝੋਨੇ ਦੀ ਖ਼ਰੀਦ ਕੌਣ ਕਰੇਗਾ।
ਸੰਧਵਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਬਰਖ਼ਾਸਤ ਕਰਕੇ ਇਸ ਧੰਦੇ ‘ਚ ਕਥਿਤ ਤੌਰ ਤੇ ਸ਼ਾਮਲ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਵਜ਼ੀਰਾਂ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਕਰਵਾਉਣ, ਕਿਉਂਕਿ ਇਸ ‘ਚ ਰਾਹੁਲ ਗਾਂਧੀ ਤੱਕ ਦਾ ਨਾਮ ਵੱਜ ਗਿਆ ਹੈ।