ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆ), 24 ਅਕਤੂਬਰ 2020 - ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਚਲਦਿਆਂ ਤਕਰੀਬਨ ਇੱਕ ਸਾਲ ਦਾ ਸਮਾਂ ਹੋਣ ਦੇ ਨੇੜੇ ਹੈ। ਇਨ੍ਹਾਂ ਵਕਤ ਬੀਤ ਜਾਣ ਤੇ ਵੀ ਇਸਦੀ ਲਾਗ ਦੇ ਕੇਸਾਂ ਦਾ ਸਿਲਸਿਲਾ ਘੱਟ ਨਹੀਂ ਹੋ ਰਿਹਾ ਹੈ। ਕੋਵਿਡ ਟਰੈਕਿੰਗ ਪ੍ਰੋਜੈਕਟ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਨੇ ਸ਼ੁੱਕਰਵਾਰ ਨੂੰ 83,010 ਨਵੇਂ ਕੋਰੋਨਾ ਵਾਇਰਸ ਲਾਗ ਦੇ ਕੇਸ ਦਰਜ ਕੀਤੇ ਹਨ। ਇਹ ਪ੍ਰਤੀ ਦਿਨ ਵਧ ਰਹੇ ਕੇਸਾਂ ਵਿੱਚ ਇੱਕ ਰਿਕਾਰਡ ਵਾਧਾ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਤਕਰੀਬਨ 20 ਪ੍ਰਤੀਸ਼ਤ ਵਾਧੇ ਨਾਲ ਵਾਇਰਸ ਨਾਲ ਪ੍ਰਭਾਵਿਤ 41,000 ਤੋਂ ਵੱਧ ਲੋਕ ਹਸਪਤਾਲ ਵਿੱਚ ਦਾਖਲ ਹੋਏ ਹਨ, ਜਦੋਂ ਕਿ ਮੌਤਾਂ ਵੀ ਇੱਕ ਵਾਰ ਫਿਰ ਤੋਂ ਵਧੀਆਂ ਹਨ ਜੋ ਕਿ 800 ਪ੍ਰਤੀ ਦਿਨ ਦਰਜ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਨਤਕ ਸਿਹਤ ਮਾਹਰਾਂ ਦੀ ਚੇਤਾਵਨੀ ਹੈ ਕਿ ਤਾਪਮਾਨ ਦੀ ਗਿਰਾਵਟ ਦੇ ਕਾਰਨ ਸਰਦੀਆਂ ਦੇ ਦੌਰਾਨ ਨਵੀਆਂ ਲਾਗਾਂ ਦੀ ਗਿਣਤੀ ਵਧਦੀ ਰਹੇਗੀ। ਸੀ.ਡੀ.ਸੀ. ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿਆਪੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਘੱਟੋ ਘੱਟ 8.3 ਮਿਲੀਅਨ ਅਮਰੀਕੀ ਵਿਸ਼ਾਣੂ ਦੁਆਰਾ ਸੰਕਰਮਿਤ ਹੋਏ ਹਨ ਅਤੇ ਲਗਭਗ 225,000 ਦੀ ਮੌਤ ਹੋ ਗਈ ਹੈ। ਇਸ ਸੰਸਥਾ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਅਤੇ ਹੋਰ ਸਰਕਾਰੀ ਸਿਹਤ ਮਾਹਰਾਂ ਨੇ ਅਮਰੀਕੀਆਂ ਨੂੰ ਇਸ ਮਾਰੂ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਅਤੇ ਹੱਥ ਧੋਣ ਲਈ ਵੀ ਪ੍ਰੇਰਿਆ ਹੈ।