ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ-ਅਬੋਹਰ ਰੋਡ ਮੁੱਖ ਮਾਰਗ ’ਤੇ ਪੈਂਦੇ ਪਿੰਡ ਮਹਾਂਬੱਧਰ ਕੋਲ ਇੱਕ ਨੌਜਵਾਨ ਦੀ ਲਾਸ਼ ਮਿਲੀ। ਇਹ ਨੌਜਵਾਨ ਫੋਟੋਗ੍ਰਾਫੀ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਬੀਤੀ ਰਾਤ ਆਪਣੇ ਕੰਮ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਉੜਾਂਗ ਜਾ ਰਿਹਾ ਸੀ। ਨੌਜਵਾਨ ਦਾ ਮੋਟਰਸਾਇਕਲ ਅਤੇ ਮੋਬਾਇਲ ਘਟਨਾ ਸਥਾਨ ਤੋਂ ਨਹੀਂ ਮਿਲੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਦੀ ਲਾਸ਼ ਸ੍ਰੀ ਮੁਕਤਸਰ ਸਾਹਿਬ-ਅਬੋਹਰ ਰੋਡ ਤੋਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਉੜਾਂਗ ਵਾਸੀ ਲਵਪ੍ਰੀਤ ਜੋਂ ਕਿ ਡਰੋਨ ਉਪਰੇਟਰ ਵਜੋਂ ਕੰਮ ਕਰਦਾ ਸੀ ਬੀਤੀ ਰਾਤ ਵੀ ਪਿੰਡ ਬੁੱਟਰ ਸ਼ਰੀਹ ਵਿਖੇ ਇੱਕ ਵਿਆਹ ਦੇ ਪ੍ਰੋਗਰਾਮ ਵਿਚ ਕੰਮ ਕਰਨ ਤੋਂ ਬਾਅਦ ਘਰ ਆ ਰਿਹਾ ਸੀ। ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪੈਟਰੋਲ ਪੰਪ ਤੋਂ ਕਰੀਬ 10.45 ’ਤੇ ਮੋਟਰਸਾਇਕਲ ਵਿਚ ਤੇਲ ਪਵਾਉਣ ਉਪਰੰਤ ਉਹ ਆਪਣੇ ਪਿੰਡ ਉੜਾਂਗ ਵੱਲ ਰਵਾਨਾ ਹੋਇਆ, ਪਰ ਅੱਜ ਸਵੇਰੇ ਉਸਦੀ ਲਾਸ਼ ਪਿੰਡ ਮਹਾਂਬੱਧਰ ਨੇੜੇ ਸੜਕ ਕਿਨਾਰੇ ਮਿਲੀ।
ਲਵਪ੍ਰੀਤ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਭਾਵੇਂ ਲਵਪ੍ਰੀਤ ਵੱਲੋਂ ਇਸਤੇਮਾਲ ਕੀਤਾ ਜਾਣ ਵਾਲਾ ਡਰੋਨ ਕੈਮਰਾ ਉਸਦੇ ਬੈਗ ਵਿਚ ਹੀ ਹੈ, ਪਰ ਉਸਦਾ ਮੋਟਰਸਾਇਕਲ ਅਤੇ ਮੋਬਾਇਲ ਨਹੀਂ ਮਿਲੇ ਹਨ। ਫਿਲਹਾਲ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਿਕ ਮੁੱਢਲੀ ਜਾਂਚ ਵਿਚ ਇਹ ਲੁੱਟ ਦੀ ਨੀਅਤ ਨਾਲ ਕੀਤਾ ਕਤਲ ਜਾਪਦਾ ਹੈ। ਮਿ੍ਰਤਕ ਮਾਂ-ਬਾਪ ਦਾ ਇਕਲੌਤਾ ਪੁੱਤ ਸੀ। ਘਟਨਾ ਸਥਾਨ ’ਤੇ ਪਹੁੰਚ ਕੇ ਡੀਐਸਪੀ ਭੁਪਿੰਦਰ ਸਿੰਘ, ਐਸਐਚਓ ਮਲਕੀਤ ਸਿੰਘ ਤੇ ਘਟਨਾ ਸਬੰਧੀ ਜਾਣਕਾਰੀ ਇਕੱਤਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ। ਐਸਐਚਓ ਮਲਕੀਤ ਸਿੰਘ ਨੇ ਕਿਹਾ ਕਿ ਫਿਲਹਾਲ ਘਟਨਾ ਦੀ ਜਾਣਕਾਰੀ ਮਿਲਦਿਆਂ ਉਹ ਮੌਕੇ ’ਤੇ ਪਹੁੰਚੇ ਅਤੇ ਆਸ ਪਾਸ ਤੋਂ ਸਾਰੇ ਤੱਥ ਇਕੱਤਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।