ਨਿਰਵੈਰ ਸਿੰਘ ਸਿੰਧੀ
- ਰੋਲੇ ਗੌਲੇ ਦੌਰਾਨ ਇੱਕ ਮੋਟਰਸਾਈਕਲ ਵੀ ਚੋਰੀ
ਮਮਦੋਟ, 25 ਅਕਤੂਬਰ 2020 - ਇਲਾਕੇ ਦੇ ਮਟਕਾ ਚੌਂਕ ਦੀ ਮਾਰਕੀਟ ਵਿਚ ਉਸ ਵੇਲੇ ਅਫਰਾ ਤਫਰੀ ਮੱਚ ਗਈ ਜਦੋਂ ਮਟਕਾ ਚੌਂਕ ਨਜਦੀਕ ਪੈਂਦੀ ਦੁੱਗਲ ਟੈਲੀਕਾਮ ਸ਼ੋਪ ਵਿਚ ਅਚਾਨਕ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਦਾ ਮਾਲਕ 50 ਪ੍ਰਤੀਸ਼ਤ ਝੁਲਸ ਗਿਆ ਦੱਸਿਆ ਜਾ ਰਿਹਾ ਹੈ। ਮੌਕੇ ਉੱਪਰ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਘੁਮਿਆਰਾਂ ਵਾਲਾ ਚੌਂਕ (ਮਟਕਾ ਚੌਂਕ) ਵਿਖੇ ਦੁੱਗਲ ਟੈਲੀਕਾਮ ਦੀ ਦੁਕਾਨ ਵਿਚ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਅਚਾਨਕ ਧਮਾਕੇ ਦੀ ਅਵਾਜ਼ ਆਈ ਅਤੇ ਉਪਰੰਤ ਵੇਖਦਿਆਂ ਹੀ ਵੇਖਦਿਆਂ ਅੱਗ ਲੱਗ ਗਈ ਅਤੇ ਦੁਕਾਨ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ਮਾਲਕ ਰਵਿੰਦਰ ਕੁਮਾਰ ਵਾਸੀ ਖੁੰਦਰ ਉਤਾੜ ਇਸ ਅੱਗ ਦੌਰਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ ਜਿਸ ਨੂੰ ਇਲਾਜ ਵਾਸਤੇ ਮਮਦੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਇਲਾਜ ਨਾ ਹੋਣ ਕਰਕੇ ਫਿਰਜ਼ਪੁਰ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੀਆਂ ਹੀ ਥਾਣਾ ਮਮਦੋਟ ਦੀ ਪੁਲਿਸ ਮੌਕੇ ਉੱਪਰ ਪਹੁੰਚ ਗਈ ਅਤੇ ਹਲਾਤਾਂ ਦਾ ਜਾਇਜ਼ਾ ਲਿਆ। ਘਟਨਾ ਦਾ ਪਤਾ ਚਲਦਿਆਂ ਨਗਰ ਪੰਚਾਇਤ ਵੱਲੋਂ ਨਗਰ ਕੌਂਸਲ ਤੋਂ ਫਾਇਰ ਬਰਗੇਡ ਦੀ ਗੱਡੀ ਮੰਗਵਾਈ ਗਈ ,ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਘਟਨਾ ਦੇ ਰੋਲੇ ਗੌਲੇ ਵਿਚ ਉਪਰੋਕਤ ਜਗ੍ਹਾ ਤੋਂ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਵੀ ਖਬਰ ਹੈ।