ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ 2020 - ਬੀਤੇ ਦਿਨੀਂ ਇਤਹਾਸਕ ਸਹਿਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਸਰਾਂ ਵਾਲੇ ਪਾਸੇ ਭਾਈ ਮਹਾਂ ਸਿੰਘ ਹਾਲ ਵਿੱਚ ਇਕ 80 ਸਾਲ ਦੀ ਬਿਰਧ ਮਾਤਾ ਬੈਠੀਂ ਮਿਲੀ ਹੈ, ਜੋ ਆਪਣਾ ਪਿੰਡ ਜੱਸੇਆਣਾ ਦੱਸਦੀ ਹੈ। ਆਪਣੇ ਨਾਲ ਹੋਈਆਂ ਵਧੀਕੀਆਂ ਤੇ ਧੱਕੇਸ਼ਾਹੀਆਂ ਬਾਰੇ ਉਕਤ ਮਾਤਾ ਸੁਰਜੀਤ ਕੌਰ ਪਤਨੀ ਹਰਚੰਦ ਸਿੰਘ ਨੇ ਇਸਤਰੀ ਤੇ ਬਾਲ ਭਲਾਈ ਸੰਸਥਾ ਪੰਜਾਬ ਦੀ ਚੇਅਰਪਰਸਨ ਬੀਬੀ ਹਰਗੋਬਿੰਦ ਕੌਰ ਨੂੰ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਪਿੰਡ ਜੱਸੇਆਣਾ ਵਿਖੇ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਘਰ ਸੀ। ਉਹਨਾਂ ਦੇ ਘਰ ਕੋਈ ਬੱਚਾ ਪੈਦਾ ਨਹੀਂ ਹੋਇਆ ਤੇ ਘਰਵਾਲੇ ਦੀ ਮੌਤ ਹੋ ਗਈ ਸੀ। ਉਸ ਨੇ ਆਪਣੇ ਭਤੀਜੇ ਤੇ ਭਤੀਜ ਨੂੰਹ ਨੂੰ ਆਪਣੇ ਘਰ ਰੱਖ ਲਿਆ, ਪਰ ਉਹਨਾਂ ਨੇ ਸਾਰੇ ਕੁਝ ਤੇ ਕਬਜ਼ਾ ਕਰ ਲਿਆ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ । ਕਈ ਮਹੀਨਿਆਂ ਤੋਂ ਉਹ ਮਹਾਂ ਸਿੰਘ ਹਾਲ ਵਿਖੇ ਹੀ ਰਹਿ ਰਹੀ ਹੈ, ਜਿਸਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਹੋਈਆਂ ਹਨ ਤੇ ਉਹ ਬੇਹੱਦ ਤੰਗ ਪ੍ਰੇਸ਼ਾਨ ਹੈ। ਉਕਤ ਮਾਤਾ ਨੇ ਕਿਹਾ ਕਿ ਉਸ ਨੂੰ ਉਹਦਾ ਬਣਦਾ ਹੱਕ ਦਿਵਾਇਆ ਜਾਵੇ । ਉਹ ਆਪਣੇ ਪਿੰਡ ਜਾਣ ਲਈ ਤਿਆਰ ਹੈ।
ਜਦੋਂ ਪੱਤਰਕਾਰਾਂ ਨੇ ਮਾਤਾ ਦੇ ਭਤੀਜੇ ਬੂਟਾ ਸਿੰਘ ਦਾ ਪੱਖ ਜਾਣਨ ਲਈ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਸ ਦਾ ਫੋਨ ਨਹੀਂ ਮਿਲਿਆ। ਮਾਤਾ ਦੇ ਦੱਸਣ ਅਨੁਸਾਰ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਮਿਲੀ ਸੀ । ਇੱਥੋਂ ਤੱਕ ਕਿ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਇਕ ਵੀਡੀਓ ਵੀ ਵਾਇਰਲ ਕੀਤੀ ਸੀ ਕਿ ਇਹ ਹੁਣ ਮੇਰੀ ਮਾਂ ਹੈ, ਪਰ ਫਿਰ ਵੀ ਇਹ ਬਜੁਰਗ ਮਾਤਾ ਰੁਲ ਰਹੀ ਹੈ।
ਸੰਸਥਾ ਦੇ ਚੇਅਰਪਰਸਨ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਉਹ ਇਹ ਮੁੱਦਾ ਪ੍ਰਸ਼ਾਸਨ ਦੇ ਕੋਲ ਉਠਾਉਣਗੇ ਤਾਂ ਕਿ ਮਾਤਾ ਨੂੰ ਰਹਿਣ ਲਈ ਛੱਤ ਮਿਲ ਸਕੇ । ਉਨਾਂ ਕਿਹਾ ਕਿ ਹੁਣ ਠੰਡ ਦਾ ਮੌਸਮ ਸ਼ੁਰੂ ਹੋ ਹੋ ਗਿਆ ਹੈ ਤੇ ਮਾਤਾ ਨੂੰ ਇਨਸਾਫ਼ ਦੁਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅਜਿਹੇ ਹੋਰ ਵੀ ਕਈ ਕੇਸ ਹਨ। ਸੰਸਥਾ ਦੀਆਂ ਆਹੁਦੇਦਾਰਾਂ ਨੂੰ ਇੱਕ ਮਾਤਾ ਰੇਲਵੇ ਸਟੇਸ਼ਨ ’ਤੇ ਬੈਠੀ ਮਿਲੀ । ਉਸ ਦਾ ਵੀ ਇਹੋ ਹੀ ਕਹਿਣਾ ਸੀ ਕਿ ਮੈਨੂੰ ਘਰੋਂ ਕੱਢ ਦਿੱਤਾ ਗਿਆ ਹੈ।