ਅਸ਼ੋਕ ਵਰਮਾ
- ਗ੍ਰਿਫਤਾਰ ਡੀਐਸਪੀ ਦਾ ਤਿੰਨ ਰੋਜਾ ਪੁਲਿਸ ਰਿਮਾਂਡ
ਬਠਿੰਡਾ, 27 ਅਕਤੂਬਰ 2020 - ਬਠਿੰਡਾ ਪੁਲਿਸ ਵੱਲੋਂ ਔਰਤ ਜਿਨਸੀ ਸੋਸ਼ਣ ਸਬੰਧੀ ਗ੍ਰਿਫਤਾਰ ਐਸਟੀਐਫ ਦੇ ਡੀਐਸਪੀ ਗੁਰਸ਼ਰਨ ਸਿੰਘ ਦੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਸਪੈਸ਼ਲ ਇਨਵੈਸਟੀਗੇਸਨ ਟੀਮ ‘ਸਿੱਟ’ ਦਾ ਗਠਨ ਕੀਤਾ ਹੈ। ਟੀਮ ਦੀ ਅਗਵਾਈ ਡੀਐਸਪੀ ਕਰਨਗੇ ਜਦੋਂਕਿ ਉਹਨਾਂ ਨਾਲ ਹੋਰ ਵੀ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉੱਧਰ ਥਾਣਾ ਸਿਵਲ ਲਾਈਨ ਪੁਲਿਸ ਨੇ ਗਿ੍ਰਫਤਾਰ ਡੀਐਸਪੀ ਦਾ ਤਿੰਨ ਰੋਜਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਉੱਧਰ ਜ਼ਿਲ੍ਹਾ ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਐਸਪੀ ਡੀ ਬਠਿੰਡਾ ਗੁਰਵਿੰਦਰ ਸਿੰਘ ਸੰਘਾ ਦਾ ਕਹਿਣਾ ਸੀ ਕਿ ਮੁੱਖ ਦਫਤਰ ਪੱਧਰ ਤੇ ਗੁਰਸ਼ਰਨ ਸਿੰਘ ਖਿਲਾਫ ਵਿਭਾਗੀ ਪੜਤਾਲ ਕੀਤੀ ਜਾਏਗੀ। ਪੁਲਿਸ ਨੇ ਇਸ ਸਬੰਧ ’ਚ ਸ਼ਕਾਇਤਕਰਤਾ ਔਰਤ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਪੁਲਿਸ ਕੇਸ ਦਰਜ ਕੀਤਾ ਸੀ।
ਅੱਜ ਭਾਜਪਾ ਆਗੂ ਸਖੁਪਾਲ ਸਰਾਂ ਦੀ ਹਾਜਰੀ ’ਚ ਇਸ ਔਰਤ ਨੇ ਸਬੰਧਤ ਡੀਐਸਪੀ ਖਿਲਾਫ ਸਖਤ ਕਾਰਵਾਈ ਅਤੇ ਉਸ ਦੇ ਪਰਿਵਾਰ ਖਿਲਾਫ ਦਰਜ ਨਸ਼ਾ ਤਸਕਰੀ ਦਾ ਝੂਠਾ ਕੇਸ ਖਾਰਜ ਕਰਨ ਦੀ ਮੰਗ ਵੀ ਕੀਤੀ ਹੈ। ਗੌਰਤਲਬ ਹੈ ਕਿ ਸੋਮਵਾਰ ਰਾਤ ਨੂੰ ਥਾਣਾ ਸਿਵਲ ਲਾਈਨ ਪੁਲਿਸ ਨੇ ਐਸਟੀਐਫ ਬਠਿੰਡਾ ਜ਼ੋਨ ਦੇ ਡੀਐੱਸਪੀ ਗੁਰਸ਼ਰਨ ਸਿੰਘ ਨੂੰ ਸੋਮਵਾਰ ਰਾਤ ਸਮੇਂ ਇਥੋਂ ਦੇ ਹਨੂੰਮਾਨ ਚੌਕ ’ਚ ਸਥਿਤ ਹੋਟਲ ’ਚੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵੱਲੋਂ ਦਰਜ ਐਫਆਈਆਰ ਅਨੁਸਾਰ ਐੱਸਟੀਐੱਫ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਪੁਲਿਸ ਦੇ ਇੱਕ ਸਹਾਇਕ ਥਾਣੇਦਾਰ ਉਸ ਦੇ ਲੜਕੇ ਅਤੇ ਪਤਨੀ ਨੂੰ 121 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰਨ ਉਪਰੰਤ ਥਾਣਾ ਨੇਹੀਆਂ ਵਾਲਾ ’ਚ ਪੁਲਿਸ ਕੇਸ ਦਰਜ ਕੀਤਾ ਸੀ।
ਨਸ਼ਾ ਤਸਰਕਰੀ ਦੇ ਇਸ ਮਾਮਲੇ ’ਚ ਔਰਤ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ ਜਦੋਂਕਿ ਪਤੀ ਤੇ ਲੜਕਾ ਜੇਲ੍ਹ ’ਚ ਬੰਦ ਸਨ। ਐਫਆਈਆਰ ’ਚ ਦੱਸਿਆ ਗਿਆ ਹੈ ਕਿ ਪਤੀ ਤੇ ਪੁੱਤਰ ਖਿਲਾਫ ਦਰਜ ਮਾਮਲੇ ਸਬੰਧੀ ਡੀਐੱਸਪੀ ਨੂੰ ਮਿਲੀ ਸੀ ਪਰ ਉਸ ਨੇ ਮੈਲੀ ਅੱਖ ਰੱਖ ਲਈ ਅਤੇ ਵਾਰ ਵਾਰ ਫ਼ੋਨ ਕਰਕੇ ਪ੍ਰੇਸ਼ਾਨ ਕਰਨ ਲੱਗਿਆ। ਔਰਤ ਅਨੁਸਾਰ ਅੰਤ ਨੂੰ ਡੀਐਸਪੀ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਉਸ ਦਾ ਜਿਨਸੀ ਸੋਸ਼ਣ ਕਰਦਾ ਰਿਹਾ। ਔਰਤ ਮੁਤਾਬਕ ਉਸ ਨੂੰ 26 ਅਕਤੂਬਰ ਨੂੰ ਡੀਐਸਪੀ ਨੇ ਹਨੂੰਮਾਨ ਚੌਕ ਸਥਿਤ ਇੱਕ ਹੋਟਲ ’ਚ ਬੁਲਾਇਆ ਜਿੱਥੇ ਉਸ ਨਾਲ ਜਬਰ ਜਨਾਹ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਉਹ ਮਾਮਲਾ ਪੁਲਿਸ ਕੋਲ ਲੈ ਗਈ ਜਿਸ ਦੇ ਅਧਾਰ ਤੇ ਡੀਐਸਪੀ ਨੂੰ ਦਬੋਚ ਲਿਆ ਗਿਆ।
ਵਿਸ਼ੇਸ਼ ਜਾਂਚ ਟੀਮ ਦਾ ਗਠਨ - ਆਈਜੀ
ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਡੀਐਸਪੀ ਹਿਨਾ ਗੁਪਤਾ ਦੀ ਅਗਵਾਈ ਹੇਠ ਡੀਐਸਪੀ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਇਸ ਕੇਸ ਦੀ ਤਹਿ ਤੱਕ ਜਾਏਗੀ। ਉਹਨਾਂ ਦੱਸਿਆ ਕਿ ਮੁਲਜ਼ਮ ਦਾ ਤਿੰਨ ਦਾ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।