ਦਸੂਹਾ, 27 ਅਕਤੂਬਰ 2020 - ਪੰਜਾਬੀ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ (ਰਜਿ:) ਦੀ ਇੱਕ ਵਿਸ਼ੇਸ਼ ਇਕੱਤਰਤਾ ਦੇਸ਼ ਭਰ ਵਿੱਚ ਬੀਤੇ ਦਿਨਾਂ ਵਾਪਰਦੀਆਂ ਬਹੁਤ ਸਾਰੀਆਂ ਅਫ਼ਸੋਸਨਾਕ ਘਟਨਾਵਾਂ ਸੰਬੰਧੀ ਸ਼ੋਕ ਮਤੇ ਪਾਸ ਕਰਨ ਲਈ ਜਰਨੈਲ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਾਹਿਤ ਜਗਤ ਦੀਆਂ ਮਾਨਮੱਤਾ ਸ਼ਖਸ਼ੀਅਤ ਜਿਹਨਾਂ ਦੀਆਂ ਪੈੜਾਂ ਲੋਕ ਚੇਤਨਾ ਬਣ ਲੋਕ ਮਨਾਂ ਹਿੱਤ ਛੱਡ ਕੇ ਤੁਰ ਗਈਆਂ ਜਿਹਨਾਂ ਵਿੱਚ ਡਾ. ਕੁਲਦੀਪ ਸਿੰਘ ਧੀਰ, ਡਾ. ਜੋਗਿੰਦਰ ਸਿੰਘ ਪੁਆਰ, ਨਾਟਕਕਾਰ ਹੰਸਾ ਸਿੰਘ ਬਿਆਸ , ਗਾਇਕ ਕੇ.ਦੀਪ ਅਤੇ ਪਬਲੀਕੇਸ਼ਨ ਦੇ ਖੇਤਰ ਦੀ ਪ੍ਰੋੜ ਹਸਤੀ ਮੋਹਨ ਸਿੰਘ ਰਾਹੀਂ ਆਦਿ ਸ਼ਾਮਿਲ ਸਨ ਦੇ ਅਕਾਲ ਚਲਾਣਿਆਂ ਦੇ ਡੂੰਘੇ ਦੁੱਖਾਂ ਦਾ ਇਜ਼ਹਾਰ ਕੀਤਾ ਗਿਆ।
ਇਵੇਂ ਹੀ ਕਿਸਾਨੀ ਸੰਘਰਸ਼ ਅੰਦਰ ਝੂਜਦੀ ਪੰਜਾਬੀ ਵੱਸੋਂ ਦੀ ਰੀੜ ਦੀ ਹੱਡੀ ਗਿਣ ਹੁੰਦੇ ਕਿੱਤੇ ਖੇਤੀ–ਬਾੜੀ ਨਾਲ ਸੰਬੰਧਤ ਬਾਲਾਂ ,ਵਿਰਧਾਂ, ਇਸਤਰੀਆਂ, ਅਤੇ ਮਰਦਾਂ ਵਿੱਚੋਂ ਕਈਆਂ ਦੇ ਸੰਘਰਸ਼ ਦੌਰਾਨ ਹੋਈ ਅਚਨਚੇਤੀ ਮੌਤਾਂ ਤੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਕਹਾਣੀਕਾਰ ਲਾਲ ਸਿੰਘ ਨੇ ਆਪਣੇ ਨਿੱਜ ਦੇ ਹੰਡਾਈ ਕਿਸਾਨੀ ਦੇ ਭਾਵੁਕ ਅਹਿਸਾਸਾਂ ਦੇ ਭਾਵਾਂ ਨੂੰ ਝੰਜ਼ੋਰੇ ਮਨ ਨਾਲ ਪਰੋਦਿੰਆਂ ਕਿਹਾ ਕਿ ਖੇਤ ਵਿੱਚ ਕਿਰਤ ਕਰਨ ਵਾਲੇ ਅਣਖੀ ਕਾਮੇ ਵਿੱਚ ਸਿਦਕ ,ਅਣਖ ਅਤੇ ਮਿਹਨਤੀ ਪ੍ਰਤਿਭਾ ਨੱਸਾਂ ਤੱਕ ਭਰੀ ਹੁੰਦੀ ਹੈ, ਇਤਿਹਾਸ ਗਵਾਹ ਹੈ ਕਿ ਇਹਨਾਂ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਕਿਰਤੀ ਭਾਵਨਾਵਾਂ ਨਾਲ ਛੇੜਛਾੜ ਹੁੰਦੀ ਹੈ ਤਾਂ ਇਹ ਯੁੱਗਪਲਟਾਊ ਘਟਨਾਵਾਂ ਵਿੱਚ ਤਬਦੀਲ ਹੋ ਜਾਂਦੀ ਹੈ।
ਅਜੋਕੀ ਰਾਜਨੀਤਕ ਵਿਵਸਥਾ ਅਜਿਹੇ ਬੇਵਕਤੀ ਤਜਰਬੀਆਂ ਤੋਂ ਗੁਰੇਜ਼ ਕਰੇ ,ਕਿਉਂਕਿ ਕਿਸਾਨੀ ਸੰਘਰਸਾਂ ,ਰੋਹਾਂ ਦੌਰਾਨ ਮੌਤਾਂ ਜੇ ਪੰਜਾਬੀਅਤ ਦੀ ਮੌਤ ਵਿਚ ਤਬਦੀਲ ਹੋ ਗਈਆਂ ਤਾਂ ਇਹ ਇਨਕਲਾਬੀ ਤਬਲਦੀਲੀ ਹੋਵੇਗੀ । ਇਸ ਮੀਟਿੰਗ ਵਿੱਚ ਭਾਰਤੀ ਨਾਰੀ ਨਾਲ ਹੋ ਰਹੇ ਪੈਰ ਪੈਰ ਤੇ ਅੰਨਿਆ ਦੀਆਂ ਦੋ ਸ਼ਰਮਨਾਕ ਘਟਨਾਵਾਂ, ਹਾਥਰਸ ਅਤੇ ਜਲਾਲਪੁਰ ਦੀਆਂ ਬਾਲੜੀਆਂ ਦੇ ਸਰੀਰਕ ਸ਼ੋਸ਼ਣ ਦੇ ਸ਼ਰਮਨਾਕ ਕਾਰਿਆਂ ਨੂੰ ਬਿਆਨ ਕਰਦੇ ਹਾਜ਼ਰ ਮੈਂਬਰਾਂ ਦੇ ਭਾਵੁਕ ਪ੍ਰਗਟਾਵੇ ਨੂੰ ਕਵਿਤਾਵਾਂ ਦਾ ਰੂਪ ਵੀ ਦਿੱਤਾ ਗਿਆ। ਇਵੇਂ ਹੀ ਭਾਰਤ ਦੀ ਕੇਂਦਰ ਵਿੱਚ ਆਪ-ਹੁੰਦਰੇ ਵਰਤਾਰੇ ਵਾਲੀ ਸਰਕਾਰ ਵੱਲੋਂ ਭਾਰਤੀ ਕਿਰਤ ਕਾਨੂੰਨ ਵਿੱਚ ਕੋਡ ਲਾਗੂ ਕਰਕੇ ਕਿਰਤੀਆਂ ਦੇ ਹੱਕਾਂ ਤੇ ਡਾਕਾ ਮਾਰਨ ਵਰਗੀਆਂ ਤਬਦੀਆਂ ਦੀ ਵੀ ਜ਼ੋਰਦਾਰ ਨਿਖੇਦੀ ਕੀਤੀ ਗਈ ਹੈ ।ਇਸ ਸਮੇਂ ਕਹਾਣੀਕਾਰ ਲਾਲ ਸਿੰਘ , ਸੁਰਿੰਦਰ ਸਿੰਘ ਨੇਕੀ , ਬਲਦੇਵ ਬੱਲੀ, ਅਮਰੀਕ ਡੋਗਰਾ , ਪ੍ਰਿੰਸੀਪਲ ਨਵਤੇਜ ਸਿੰਘ, ਪ੍ਰੀਤ ਕਾਹਲੋਂ ਆਦਿ ਹਾਜ਼ਿਰ ਸਨ।