ਖੂਨਦਾਨ ਕੈਂਪ ਦੌਰਾਨ ਸ਼ਿਰਕਤ ਕਰਦੇ ਹੋਏ ਬੀਬੀ ਮਨਦੀਪ ਕੌਰ ਨਾਗਰਾ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ : ਖੂਨਦਾਨ ਸਭ ਤੋਂ ਉਤਮ ਦਾਨ ਹੈ ਜੋ ਕਿ ਕਿਸੇ ਐਮਰੰਜਸੀ ਦੌਰਾਨ ਅਨਮੋਲ ਮਨੁੱਖੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਨੌਜਵਾਨਾਂ ਵੱਲੋਂ ਪ੍ਰਸਿੱਧ ਮਾਡਲ ਸਵਰਗੀ ਸਤਨਾਮ ਖਟੜਾ ਦੀ ਯਾਦ ਵਿੱਚ ਲਗਾਏ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਦਾਨ ਦਿੱਤਾ ਗਿਆ ਖੂਨ ਕੁਝ ਹੀ ਸਮੇਂ ਵਿੱਚ ਦੁਬਾਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨ ਵਰਗ ਨੂੰ ਸਮਾਜ ਸੇਵਾ ਦੇ ਕੰਮਾਂ ਵੱਲ ਲਗਾਉਣਾ ਬਹੁਤ ਜਰੂਰੀ ਹੈ ਕਿਉਂਕਿ ਸਮਾਜ ਸੇਵਾ ਵੱਲ ਲੱਗ ਕੇ ਨੌਜਵਾਨ ਹੋਰਨਾ ਸਮਾਜਿਕ ਬੁਰਾਈਆਂ ਤੋਂ ਬਚੇ ਰਹਿੰਦੇ ਹਨ
ਸਵਰਗੀ ਸਤਨਾਮ ਖਟੜਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਂਝ ਤਾਂ ਜੋ ਵਿਅਕਤੀ ਦੁਨੀਆਂ ’ਤੇ ਆਇਆ ਹੈ ਉਸ ਨੈ ਇੱਕ ਦਿਨ ਇਥੋਂ ਜਾਣਾ ਵੀ ਹੁੰਦਾ ਹੈ ਪ੍ਰੰਤੂ ਕੁਝ ਵਿਅਕਤੀ ਪਹਿਲਾਂ ਹੀ ਚਲੇ ਜਾਂਦੇ ਹਨ ਜਿਨ੍ਹਾਂ ਦੀ ਟੀਸ ਹਮੇਸ਼ਾਂ ਦਿਲ ਵਿੱਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹੀ ਸਖਸ਼ੀਅਤ ਦਾ ਮਾਲਕ ਸੀ ਸਤਨਾਮ ਖਟੜਾ ਜਿਸ ਨੇ ਛੋਟੀ ਜਿਹੀ ਉਮਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਅਤੇ ਜੇਕਰ ਉਹ ਹੁਣ ਵੀ ਹੁੰਦਾ ਤਾਂ ਉਹ ਬੁਲੰਦੀਆਂ ’ਤੇ ਪਹੁੰਚ ਸਕਦਾ ਸੀ।ਇਸ ਮੌਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ 68 ਯੂਨਿਟ ਖੂਨ ਇੱਕਤਰ ਕੀਤਾ
ਇਸ ਦੌਰਾਨ ਕੈਂਪ ਵਿੱਚ ਮਿਊਜਿਕ ਡਾਇਰੈਕਟਰ ਆਰ.ਗੁਰੂ,ਪੰਜਾਬੀ ਮਾਡਲ ਜੱਗੀ ਖਰੋੜ,ਪਰਵਿੰਦਰ ਖੱਟੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਪ੍ਰੀਤ ਸਰਾਓ,ਵਿਕੀ ਸੇਖੋਂ,ਸਿਮਰ ਸਰਾਓ,ਚੰਨੀ ਸਰਾਓ,ਪ੍ਰੀਤ ਬੈਨੀਪਾਲ,ਗੁਰਵਿੰਦਰ ਸਿੰਘ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ