ਜਗਦੀਸ਼ ਥਿੰਦ
ਅਬੋਹਰ, 29 ਅਕਤੂਬਰ :- ਨਗਰ ਨਿਗਮ ਅਬੋਹਰ ਨੇ ਪੌਲੀਥੀਨ ਦੇ ਕੂੜੇ ਦੇ ਪ੍ਰਬੰਧਨ ਲਈ ਨਿਵੇਕਲੀ ਪਹਿਲ ਕਦਮੀ ਕਰਦਿਆਂ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ 2016 ਤਹਿਤ ਆਪਣੇ ਬਾਏ ਲਾਅਜ ਬਣਾਏ ਹਨ ਜਿਸ ਤਹਿਤ ਨਗਰ ਨਿਗਮ ਪਲਾਸਟਿਕ ਦੀ ਪੈਕਿੰਗ ਵਿਚ ਸਮਾਨ ਵੇਚਣ ਵਾਲਿਆਂ ਤੋਂ ਯੂਜਰ ਚਾਰਜ ਵਸੂਲ ਕਰ ਸਕੇਗੀ। ਇਸ ਤਰਾਂ ਦੀ ਅਨੋਖੀ ਪਹਿਲ ਕਦਮੀ ਕਰਨ ਵਾਲੀ ਅਬੋਹਰ ਪੰਜਾਬ ਦੀ ਪਹਿਲੀ ਨਗਰ ਨਿਗਮ ਬਣ ਗਈ ਹੈ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਆਈ.ਏ.ਐਸ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੀਆਂ ਕੰਪਨੀਆਂ ਵੱਲੋਂ ਵੇਚੇ ਜਾਂਦੇ ਸਮਾਨ ਦੀ ਪੈਕਿੰਗ ਪਲਾਸਟਿਕ ਦੀ ਹੁੰਦੀ ਹੈ ਜਿਸ ਤੇ ਵਰਤੋਂ ਤੋਂ ਬਾਅਦ ਇਹ ਪਲਾਸਟਿਕ ਤੇ ਪੌਲੀਥੀਨ ਕੂੜੇ ਦੇ ਰੂਪ ਵਿਚ ਨਗਰ ਨਿਗਮ ਦੀ ਜਿੰਮੇਵਾਰੀ ਬਣ ਜਾਂਦਾ ਹੈ। ਇਸ ਕੰਮ ਤੇ ਨਗਰ ਨਿਗਮ ਨੂੰ ਹਰ ਮਹੀਨੇ 50 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ ਜਦ ਕਿ ਇਸ ਕੂੜੇ ਦੇ ਵਾਤਾਵਰਨ ਤੇ ਪੈਣ ਵਾਲੇ ਮਾੜੇ ਪ੍ਰਭਾਵ ਵੱਖਰੇ ਹਨ। ਇਸ ਲਈ ਨਗਰ ਨਿਗਮ ਨੇ ਆਪਣੇ ਨਿਯਮ ਬਣਾਏ ਹਨ ਤਾਂ ਜੋ ਇਸ ਤਰਾਂ ਦਾ ਪਲਾਸਟਿਕ ਕੂੜਾ ਸ਼ਹਿਰ ਵਿਚ ਪੈਦਾ ਕਰਨ ਦਾ ਕਾਰਨ ਬਣਨ ਵਾਲੇ ਉਤਪਾਦ ਵਿਕ੍ਰੇਤਾਵਾਂ ਤੋਂ ਵਰਤੋਂ ਫੀਸ ਵਸੂਲ ਕੀਤੀ ਜਾਵੇ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਲਈ ਵੱਡੀਆਂ ਕੋਰੀਅਰ ਕੰਪਨੀਆਂ ਅਤੇ ਆਨ ਲਾਈਨ ਸਮਾਨ ਵਿਕ੍ਰੇਤਾਵਾਂ ਜਿਵੇਂ ਕਿ ਐਮਾਜੋਨ, ਫਿਲਪਕਾਰਟ, ਸਨੈਪਡੀਲ ਆਦਿ ਤੋਂ ਅਤੇ ਘਰਾਂ ਵਿਚ ਹੋਮ ਡਲੀਵਰੀ ਕਰਨ ਵਾਲੀਆਂ ਕੰਪਨੀਆਂ ਜਿਵੇਂ ਜੋਮੈਟੋ, ਸਵੀਗੀ ਆਦਿ ਤੋਂ ਪ੍ਰਤੀ ਡਲੀਵਰੀ 5 ਰੁਪਏ ਦਾ ਯੁਜਰ ਚਾਰਜ ਲਿਆ ਜਾਵੇਗਾ। ਇਸੇ ਤਰਾਂ ਮਲਟੀਲੇਅਰ ਪਲਾਸਟਿਕ ਪੈਕਿੰਗ ਵਿਚ ਸਮਾਨ ਵੇਚਣ ਵਾਲੀਆਂ ਕੰਪਨੀਆਂ ਜਿਵੇਂ ਕੋਕ, ਪੈਪਸੀ, ਹਿੰਦੁਸ਼ਤਾਨ ਯੁਨੀਲੀਵਰ, ਬਰਟਾਨੀਆਂ, ਆਦਿ ਤੋਂ ਹਰ ਉਸ ਵਸਤੂ ਜਿਸ ਦੀ ਵਿਕਰੀ ਕੀਮਤ 5 ਰੁਪਏ ਤੋਂ ਵੱਧ ਹੋਵੇਗੀ ਇਕ ਰੁਪਏ ਪ੍ਰਤੀ ਪੈਕੇਟ ਵਰਤੋਂ ਚਾਰਜ ਨਗਰ ਨਿਗਮ ਵਸੂਲ ਕਰੇਗੀ ਤਾਂ ਜੋ ਇੰਨਾਂ ਤੋਂ ਸ਼ਹਿਰ ਵਿਚ ਫੈਲਣ ਵਾਲੇ ਪਲਾਸਟਿਕ ਕਚਰੇ ਦਾ ਨਿਪਟਾਰਾ ਕੀਤਾ ਜਾ ਸਕੇ। ਕਮਿਸ਼ਨਰ ਨੇ ਹੋਰ ਦੱਸਿਆ ਕਿ 2000 ਰੁਪਏ ਤੋਂ ਵੱਧ ਦੀ ਕੀਮਤ ਦੇ ਇਲੈਕਟ੍ਰੋਨਿਕ ਸਮਾਨ ਤੇ 50 ਰੁਪਏ, ਮੋਟਰ ਵਹੀਕਲ ਦੀ ਵਿਕਰੀ ਤੇ 100 ਰੁਪਏ ਅਤੇ ਚਾਰ ਪਹੀਆ ਵਾਹਨ ਦੀ ਵਿਕਰੀ ਤੇ 500 ਰੁਪਏ, ਦੇਸ਼ ਵਿਚ ਬਣੀ ਸ਼ਰਾਬ ਦੀ ਬੋਤਲ ਦੀ ਵਿਕਰੀ ਤੇ 2 ਰੁਪਏ ਅਤੇ ਵਿਦੇਸ਼ ਵਿਚੋਂ ਬਣੀ ਸ਼ਰਾਬ ਦੀ ਵਿਕਰੀ ਤੇ 10 ਰੁਪਏ ਪ੍ਰਤੀ ਬੋਤਲ ਯੁਜਰ ਚਾਰਜ ਵੀ ਨਗਰ ਨਿਗਮ ਵਸੂਲ ਕਰੇਗੀ। ਯੁਜਰ ਚਾਰਜ ਦੇਣ ਵਿਚ ਦੇਰੀ ਤੇ 10 ਫੀਸਦੀ ਦੀ ਦਰ ਨਾਲ ਜੁਰਮਾਨਾ ਲਗਾਉਣ ਅਤੇ 2 ਮਹੀਨੇ ਤੱਕ ਯੁਜਰ ਚਾਰਜ ਨਾ ਦੇਣ ਤੇ ਸਬੰਧਤ ਉਤਪਾਦ ਦੀ ਵਿਕਰੀ ਨਗਰ ਨਿਗਮ ਦੀ ਹਦੂਦ ਅੰਦਰ ਰੋਕ ਦੇਣ ਦੀਆਂ ਸ਼ਕਤੀਆਂ ਵੀ ਨਗਰ ਨਿਗਮ ਕੋਲ ਰਾਖਵੀਆਂ ਹੋਣਗੀਆਂ। ਕਮਿਸ਼ਨਰ ਸ੍ਰੀ ਅਭੀਜੀਤ ਕਪਲੀਸ਼ ਨੇ ਕਿਹਾ ਕਿ ਨਿਗਮ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਨ ਤਹਿਤ ਇਹ ਨਿਯਮ ਬਣਾਏ ਹਨ ਕਿਉਂਕਿ ਜੋ ਵਪਾਰਕ ਅਦਾਰਾ ਪਲਾਸਟਿਕ ਪੈਦਾ ਕਰਕੇ ਸ਼ਹਿਰ ਵਿਚ ਸੁੱਟ ਰਹੀ ਹੈ ਉਸਦਾ ਨਿਪਟਾਰਾ ਕਰਨਾ ਉਸਦੀ ਜਿੰਮੇਵਾਰੀ ਹੈ। ਉਨਾਂ ਨੇ ਕਿਹਾ ਕਿ ਉਨਾਂ ਦਾ ਦਿ੍ਰੜ ਨਿਸ਼ਚਾ ਹੈ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਉਤੱਮ ਨਗਰ ਬਣਾਇਆ ਜਾਵੇ। ਉਨਾਂ ਨੇ ਕਿਹਾ ਕਿ ਚੋਖੋ ਅਬੋਹਰ ਪ੍ਰੋਜੈਕਟ ਤਹਿਤ ਸ਼ਹਿਰ ਦੀ ਤਸਵੀਰ ਜਲਦੀ ਬਦਲੀ ਨਜਰ ਆਵੇਗੀ। ਉਨਾਂ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ।