ਮਨਿੰਦਰਜੀਤ ਸਿੱਧੂ
- ਜੈਤੋ ਦੇ ਲੋਕਾਂ ਨੂੰ ਵਿਕਾਸ ਦਾ ਹਰ ਕੰਮ ਕਰਵਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ- ਰਾਕੇਸ਼ ਘੋਚਾ
ਜੈਤੋ, 30 ਅਕਤੂਬਰ 2020 - ਜੈਤੋ ਸ਼ਹਿਰ ਆਪਣੇ ਮਾਣਮੱਤੇ ਇਤਿਹਾਸ ਕਰਕੇ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਰਿਹਾ ਹੈ, ਪਰ ਹੁਣ ਜੈਤੋ ਸ਼ਹਿਰ ਆਪਣੇ ਪੱਛੜੇਪਣ ਕਰਕੇ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋਣ ਜਾ ਰਿਹਾ ਹੈ। ਜੈਤੋ ਨੂੰ ਆਉਣ ਵਾਲੇ ਸਾਰੇ ਰਸਤੇ ਸੀਵਰੇਜ ਪਾਉਣ ਦੇ ਨਾਮ ਉੱਪਰ ਪਿਛਲੇ ਲੰਮੇ ਸਮੇਂ ਤੋਂ ਪੁੱਟੇ ਹੋਏ ਹਨ। ਅੱਜ ਜੈਤੋ-ਬਠਿੰਡਾ ਰੋਡ ਦੇ ਦੁਕਾਨਦਾਰਾਂ ਵੱਲੋਂ ਸਥਾਨਕ ਇਤਿਹਾਸਿਕ ਗੁਰਦੁਆਰਾ ਅੰਗੀਠਾ ਸਾਹਿਬ ਵਿੱਚ ਇਕੱਠੇ ਹੋ ਕੇ ਪਿਛਲ਼ੇ ਇੱਕ ਸਾਲ ਤੋਂ ਪੁੱਟੇ ਹੋਏ ਰੋਡ ਨੂੰ ਬਨਾਉਣ ਲਈ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਮਾਰਕਿਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ ਨੇ ਕੀਤੀ। ਰਾਕੇਸ਼ ਕੁਮਾਰ ਘੋਚਾ ਨੇ ਕਿਹਾ ਕਿ ਸਰਕਾਰ ਜੈਤੋ ਸ਼ਹਿਰ ਦਾ ਵਿਕਾਸ ਕਰਨ ਦੀ ਜਗ੍ਹਾ ਦਿਨੋਂ ਦਿਨ ਇਸਨੂੰ ਤਬਾਹੀ ਵੱਲ ਲੈਕੇ ਜਾ ਰਹੀ ਹੈ।
ਉਹਨਾਂ ਕਿਹਾ ਕਿ ਜੈਤੋ ਦੇ ਲੀਡਰ ਲੋਕਾਂ ਤੋਂ ਵੋਟਾਂ ਬਟੋਰਨ ਤਾਂ ਆ ਜਾਂਦੇ ਹਨ ਪਰ ਜਦੋਂ ਗੱਲ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਹੁੰਦੀ ਹੈ ਤਾਂ ਇਹ ਲੋਕਾਂ ਦੀ ਸਾਰ ਨਹੀਂ ਲੈਂਦੇ। ਉਹਨਾਂ ਕਿਹਾ ਕਿ ਜੈਤੋ-ਬਠਿੰਡਾ ਰੋਡ ਪਿਛਲ਼ੇ ਇੱਕ ਸਾਲ ਤੋਂ ਪੱਟਿਆ ਹੋਇਆ ਹੈ ਜਿਸ ਕਰਕੇ ਜੈਤੋ ਤੋਂ ਬਠਿੰਡਾ ਜਾਣ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਜੈਤੋ ਆਉਣ ਦੁੱਭਰ ਹੋ ਜਾਂਦਾ ਹੈ। ਸੜਕ ਪੱਟੀ ਹੋਣ ਕਰਕੇ ਲੋਕ ਜੈਤੋ ਵੱਲ ਆਉਣ ਨੂੰ ਨੱਕ ਨਹੀਂ ਕਰਦੇ ਜਿਸ ਕਾਰਨੇ ਜੈਤੋ ਦੇ ਵਪਾਰ ਨੂੰ ਭਾਰੀ ਸੱਟ ਲੱਗੀ ਹੈ।
ਜੈਤੋ-ਬਠਿੰਡਾ ਰੋਡ ਉੱਪਰ ਵੱਡੀ ਗਿਣਤੀ ਵਿੱਚ ਵਸੋਂ ਹੈ ਰਹਿੰਦੀ ਹੈ, ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਦਾ ਉੱਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਮੀਟਿੰਗ ਵਿੱਚ ਪਹੁੰਚੇ ਦੁਕਾਨਦਾਰਾਂ ਅਤੇ ਸ਼ਹਿਰਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਸ਼ੜਕ ਦੇ ਨਿਰਮਾਣ ਦਾ ਕੰਮ ਜਲਦ ਹੀ ਸ਼ੁਰੂ ਨਾ ਕੀਤਾ ਗਿਆ ਤਾਂ ਮਜ਼ਬੂਰੀ ਵੱਸ ਸਾਨੂੰ ਸੰਘਰਸ਼ ਵਿੱਢਣਾ ਪਵੇਗਾ। ਸੰਘਰਸ਼ ਦੀ ਰੂਪ-ਰੇਖਾ ਤਹਿ ਕਰਨ ਲਈ ਐਤਵਾਰ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਦੁਬਾਰਾ ਮੀਟਿੰਗ ਰੱਖੀ ਗਈ ਹੈ।