ਰਜਨੀਸ਼ ਸਰੀਨ
- ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਲਈ ਤਿਆਰ ਕੀਤੀ 'ਉਡਾਣ ਕੰਪੀਟਿਟਿਵ ਐਗਜ਼ਾਮ ਸੀਰੀਜ਼'
ਐਸ.ਏ.ਐਸ. ਨਗਰ, 30 ਅਕਤੂਬਰ 2020 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੇ ਮੱਦੇਨਜ਼ਰ, ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ 'ਉਡਾਣ' ਪ੍ਰਾਜੈਕਟ ਤਹਿਤ 'ਉਡਾਣ ਕੰਪੀਟਿਟਿਵ ਐਗਜਾਮ ਸੀਰੀਜ਼ (ਮੈਡੀਕਲ ਅਤੇ ਨਾਨ ਮੈਡੀਕਲ) ਸ਼ੁਰੂ ਕੀਤੀ ਗਈ ਹੈ।
ਵਿਭਾਗ ਦੀ ਸਹਾਇਕ ਨਿਰਦੇਸ਼ਕਾ ਜਸਵਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਮੈਡੀਕਲ ਅਤੇ ਨਾਨ-ਮੈਡੀਕਲ ਗਰੁੱਪਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਬਿਹਤਰ ਭਵਿੱਖ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਜੇ.ਈ.ਈ. ਮੇਨਜ਼, ਜੇ.ਈ.ਈ.ਅਡਵਾਂਸ, ਏਮਜ਼, ਨੀਟ, ਕੈਟ, ਬੀ.ਐੱਸ.ਸੀ. ਨਰਸਿੰਗ, ਬੀ.ਐੱਸ.ਸੀ. ਆਨਰਜ਼, ਸੀ.ਈ.ਟੀ., ਬਿਟਸੈੱਟ, ਆਈ.ਆਈ.ਟੀ., ਪੈਰਾਮੈਡੀਕਲ ਐਂਟਰੈਂਸ ਟੈਸਟ, ਬੀ.ਪੀ.ਐੱਚ (ਬੈਚੂਲਰ ਆਫ਼ ਪਬਲਿਕ ਹੈਲਥ), ਬੀ.ਐੱਸ.ਸੀ. ਮੈਡੀਕਲ ਟੈਕਨਾਲੋਜੀ, ਆਈਸਰ ਐਪਟੀਚਿਊਡ ਟੈਸਟ, ਬੈਚੂਲਰ ਆਫ਼ ਆਰਕੀਟੈਕਟ ਐਂਟਰੈਂਸ ਟੈਸਟ, ਪੀ.ਜੀ.ਆਈ. ਨਰਸਿੰਗ ਅਤੇ ਇਹਨਾਂ ਵਿਸ਼ਿਆਂ (ਮੈਡੀਕਲ ਅਤੇ ਨਾਨ ਮੈਡੀਕਲ) ਨਾਲ ਸੰਬੰਧਤ ਹੋਰ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ 'ਉਡਾਣ ਕੰਪੀਟਿਟਿਵ ਐਗਜ਼ਾਮ ਸੀਰੀਜ਼' ਸ਼ੁਰੂ ਕੀਤੀ ਗਈ ਹੈ।
ਇਸ ਸੀਰੀਜ਼ ਵਿੱਚ ਵਿਦਿਆਰਥੀਆਂ ਲਈ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਫਿਜਿਕਸ, ਕਮਿਸਟਰੀ, ਗਣਿਤ ਅਤੇ ਬਾਇਓਲੋਜੀ ਵਿਸ਼ਿਆਂ ਦੀਆਂ ਸ਼ੀਟਾਂ ਤਿਆਰ ਕਰਕੇ ਰੋਜ਼ਾਨਾ ਵਿਭਾਗ ਦੇ ਫੇਸਬੁੱਕ ਪੇਜ਼, ਪੰਜਾਬ ਐਜੂਕੇਅਰ ਐਪ ਅਤੇ ਵਟਸਐਪ ਗਰੁੱਪਾਂ ਰਾਹੀਂ ਭੇਜੀਆਂ ਜਾਇਆ ਕਰਨਗੀਆਂ। ਹਰੇਕ ਸ਼ੀਟ ਵਿੱਚ ਦਸ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ ਦਿੱਤੇ ਜਾਣਗੇ ਅਤੇ ਪ੍ਰਸ਼ਨਾਂ ਦੇ ਹੱਲ ਲਈ ਸੰਕੇਤ (ਹਿੰਟ) ਵੀ ਦਿੱਤੇ ਜਾਇਆ ਕਰਨਗੇ।
ਉਹਨਾਂ ਦੱਸਿਆ ਕਿ ਪ੍ਰਿੰਸੀਪਲ ਜੋ ਫਿਜ਼ਿਕਸ, ਕਮਿਸਟਰੀ, ਮੈਥੇਮੈਟਿਕਸ ਅਤੇ ਬਾਇਓਲੋਜੀ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰ ਲਗਾਏ ਗਏ ਹਨ, ਉਹਨਾਂ ਦੀ ਅਗਵਾਈ ਅਧੀਨ ਮੈਰੀਟੋਰੀਅਸ ਸਕੂਲਾਂ ਦੇ ਲੈਕਚਰਾਰਾਂ ਅਤੇ ਇਹਨਾਂ ਵਿਸ਼ਿਆਂ ਦੇ ਲੈਕਚਰਾਰ ਜੋ ਰਿਸੋਰਸ ਪਰਸਨ ਹਨ, ਦੀ ਟੀਮ ਵੱਲੋਂ ਇਹ ਸ਼ੀਟਾਂ ਤਿਆਰ ਕੀਤੀਆਂ ਜਾਣਗੀਆਂ। ਹਰੇਕ ਅਧਿਆਇ ਦੇ ਪੂਰਾ ਹੋਣ ਤੇ ਇਹਨਾਂ ਵਿਸ਼ਿਆਂ ਦੇ ਲੈਕਚਰਾਰਾਂ ਵੱਲੋਂ ਵਿਦਿਆਰਥੀਆਂ ਦੀ ਇਹਨਾਂ ਵਿਸ਼ਿਆਂ ਵਿੱਚ ਚੰਗੀ ਤਿਆਰੀ ਲਈ ਡਾਊਟ ਕਲੀਅਰਿੰਗ ਸੈਸ਼ਨ ਵੀ ਲਗਾਏ ਜਾਇਆ ਕਰਨਗੇ। ਉਹਨਾਂ ਕਿਹਾ ਕਿ ਪ੍ਰਿੰਸੀਪਲ ਜੋ ਇਹਨਾਂ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰ ਹਨ, ਉਹਨਾਂ ਦੀ ਦੇਖ-ਰੇਖ ਅਧੀਨ ਵਿਦਿਆਰਥੀਆਂ ਨੂੰ ਇਹ ਤਿਆਰੀ ਕਰਵਾਈ ਜਾਵੇਗੀ।
ਉਹਨਾਂ ਕਿਹਾ ਕਿ ਅਧਿਆਪਕ, ਵਿਦਿਆਰਥੀਆਂ ਨੂੰ ਇਹਨਾਂ ਟੈਸਟ ਸੀਰੀਜ਼ ਨੂੰ ਹੱਲ ਕਰਨ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਅਤੇ ਬੱਡੀ ਗਰੁੱਪਾਂ ਦੀ ਮੱਦਦ ਨਾਲ ਇਹਨਾਂ ਵਿਸ਼ਿਆਂ ਦੇ ਸਾਰੇ ਲੈਕਚਰਾਰ ਸਹਿਬਾਨ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਭੇਜੀਆਂ ਜਾਣ ਵਾਲੀਆਂ ਸਾਰੀਆਂ ਸ਼ੀਟਾਂ ਦੇ ਪ੍ਰਸ਼ਨਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਵਾਉਣ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵੱਧ ਤੋਂ ਵੱਧ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਬਿਹਤਰ ਬਣਾ ਸਕਣ।