ਸ਼ੇਰਪੁਰ, 30 ਅਕਤੂਬਰ,2020: ਇਲਾਕਾ ਸ਼ੇਰਪੁਰ ਦੇ ਵਾਤਾਵਰਣ ਪ੍ਰੇਮੀਆਂ ਨੇ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਅਗਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੱਖੋ-ਵੱਖਰੇ ਮੰਗ ਪੱਤਰ ਦੇਕੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਅਪੀਲ ਕੀਤੀ। ਆਗੂਆਂ ਵੱਲੋਂ ਇੱਕ ਮੰਗ ਪੱਤਰ ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਤੇ ਇੱਕ ਉਨ੍ਹਾਂ ਦੇ ਰਾਹੀਂ ਡੀਐਸਪੀ ਧੂਰੀ ਅਤੇ ਇੱਕ ਨਾਇਬ ਤਹਿਸੀਲਦਾਰ ਕਮ ਡਿਊਟੀ ਮੈਜਿਸਟਰੇਟ ਰਾਜੇਸ਼ ਕੁਮਾਰ ਅਹੂਜਾ ਤੇ ਤੇ ਇੱਕ ਉਨ੍ਹਾਂ ਦੇ ਰਾਹੀਂ ਐੱਸਡੀਐੱਮ ਧੂਰੀ ਨੂੰ ਭੇਜਿਆ ਗਿਆ। ਕੁਦਰਤ -ਮਾਨਵ ਵਿਕਾਸ ਮੰਚ ਸ਼ੇਰਪੁਰ ਦੇ ਪ੍ਰਧਾਨ ਮਹਿੰਦਰ ਪ੍ਰਤਾਪ ਸ਼ਰਮਾ, ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਵਲੋਂ ਸੰਦੀਪ ਸਿੰਘ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਆਗੂ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸਹਿਯੋਗੀ ਸੰਸਥਾਵਾਂ ਅਤੇ ਸਮਾਜ ਸੇਵੀ ਵਿਅਕਤੀਆਂ ਦੇ ਸਹਿਯੋਗ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਦੀ ਆ ਰਹੀ ਹੈ।
ਸ਼ੇਰਪੁਰ ਵਿਖੇ 'ਜੀਵਨ ਦਾਤੇ' ਨਰਸਰੀ ਚਲਾਕੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਇਸ ਸੰਸਥਾ ਵਲੋਂ ਪਟਾਕੇ ਚਲਾ ਕੇ ਵਾਤਾਵਰਨ ਨੂੰ ਗੰਧਲਾ ਕੀਤੇ ਜਾਣ ਖ਼ਿਲਾਫ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੀ ਪ੍ਰੇਰਤ ਕੀਤਾ ਜਾਂਦਾ ਹੈ। ਪਟਾਕੇ ਧੁਨੀ ਪ੍ਰਦੂਸ਼ਣ ਵੀ ਪੈਦਾ ਕਰਦੇ ਹਨ ਤੇ ਗੰਧਲਾ ਵਾਤਾਵਰਨ ਸਮੁੱਚੀ ਜੀਵ-ਜੰਤੂਆਂ ਦੀ ਸਿਹਤ ਤੇ ਮਾਰੂ ਪ੍ਰਭਾਵ ਪਾਉਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਭੀੜ ਭੜੱਕੇ ਵਾਲੇ ਬਾਜ਼ਾਰਾਂ ਦੀ ਥਾਂ ਆਬਾਦੀ ਤੋਂ ਦੂਰ ਪਟਾਕੇ ਵੇਚਣ ਲਈ ਨਿਰਧਾਰਤ ਕੀਤੀਆਂ ਜਾਣ ਬਿਨਾ ਲਾਇਸੈਂਸ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ।