ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆ) 30 ਅਕਤੂਬਰ 2020: ਮੈਕਸੀਕੋ ਅਮਰੀਕਾ ਦਾ ਇੱਕ ਅਜਿਹਾ ਗੁਆਂਢੀ ਦੇਸ਼ ਹੈ ਜਿਹੜਾ ਕਿ ਗੈਰ ਕਾਨੂੰਨੀ ਲੋਕਾਂ ਅਤੇ ਨਸ਼ਿਆਂ ਨੂੰ ਅਮਰੀਕਾ ਵਿੱਚ ਪਹੁੰਚਾਉਣ ਲਈ ਪ੍ਰਵੇਸ਼ ਦਵਾਰ ਰਿਹਾ ਹੈ। ਇਸ ਮੁਲਕ ਵਿੱਚ ਅਪਰਾਧਿਕ ਸਮੂਹ ਸਰਕਾਰ ਦੇ ਪ੍ਰਭਾਵ ਅਤੇ ਡਰ ਨੂੰ ਖਤਮ ਕਰ ਰਹੇ ਹਨ। ਇਹ ਸਮੂਹ ਕਈ ਰਾਜਾਂ ਵਿੱਚ ਸ਼ਰੇਆਮ ਕਤਲ ,ਨਸ਼ੇ ਅਤੇ ਹੋਰ ਅਪਰਾਧ ਕਰਦੇ ਹਨ। ਪਿਛਲੇ ਦਿਨੀਂ ਵੀ ਇੱਕ ਅਪਰਾਧੀ ਸਮੂਹ ਨੇ ਸਵੇਰੇ 8:30 ਵਜੇ ਦਿਹਾਤੀ ਕਸਬੇ ਵਿਚ ਪੁਲਿਸ ਸਟੇਸ਼ਨ ਦਾ ਘਿਰਾਓ ਕੀਤਾ ਅਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਸਿੱਟੇ ਵਜੋਂ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਜੋਆਨ ਅਲਡਾਮਾ , ਜ਼ੈਕਤੇਕਾਸ ਰਾਜ ਵਿੱਚ ਬੀਨ ਅਤੇ ਮੱਕੀ ਦੇ ਖੇਤਾਂ ਵਿਚਾਲੇ 13,000 ਵਸੋਂ ਵਾਲਾ ਕਸਬਾ ਹੈ ਜੋ ਮੈਕਸੀਕਨ ਇਨਕਲਾਬ ਅਤੇ ਪ੍ਰਵਾਸੀਆਂ ਨੂੰ ਯੂਨਾਈਟਿਡ ਸਟੇਟ ਭੇਜਣ ਲਈ ਜਾਣਿਆ ਜਾਂਦਾ ਸੀ। ਹਰ ਹੁਣ ਇਹ ਅਪਰਾਧੀਆਂ ਦਾ ਇੱਕ ਖੇਤਰ ਬਣ ਗਿਆ ਹੈ ਜਿੱਥੇ ਉਹ ਆਪਣੀਆਂ ਗਤੀਵਿਧੀਆਂ ਕਰਦੇ ਹਨ। ਇਸਦੇ ਨਾਲ ਹੀ ਮੈਕਸੀਕੋ ਦੇ ਸਾਬਕਾ ਰੱਖਿਆ ਮੰਤਰੀ ਦੀ ਇਸ ਮਹੀਨੇ ਹੋਈ ਗ੍ਰਿਫਤਾਰੀ ਨੇ ਵੀ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਸਯੁੰਕਤ ਰਾਜ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਉਸਨੇ ਇੱਕ ਕਾਰਟੈਲ ਨੂੰ ਹਜ਼ਾਰਾਂ ਕਿੱਲੋ ਹੈਰੋਇਨ, ਕੋਕੀਨ ਅਤੇ ਮੈਥਾਮਫੇਟਾਮਾਈਨ ਭੇਜਣ ਵਿੱਚ ਮਦਦ ਕੀਤੀ ਸੀ। ਪਰ ਮੈਕਸੀਕੋ ਦਾ ਸੰਕਟ ਇਸ ਤਰ੍ਹਾਂ ਦੀ ਸੁਰਖੀ ਤੋਂ ਬਹੁਤ ਅੱਗੇ ਜਾਂਦਾ ਹੈ।
ਇੱਥੇ ਪ੍ਰਦੇਸ਼ ਵਿੱਚ ਸੰਗਠਿਤ ਅਪਰਾਧੀ ਨਸ਼ੀਲੇ ਪਦਾਰਥਾਂ ਨੂੰ ਸੰਯੁਕਤ ਰਾਜ ਵਿੱਚ ਪਹੁੰਚਾਉਂਦੇ ਹਨ। ਇੱਥੇ ਹਥਿਆਰਬੰਦ ਸਮੂਹਾਂ ਦੀ ਇੱਕ ਵੱਡੀ ਰੇਂਜ ਲਗਭੱਗ 200 ਤੋਂ ਵੱਧ ਨੇ ਹਿੰਸਕ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ। ਉਹ ਸਿਰਫ ਨਸ਼ੇ ਹੀ ਨਹੀਂ ਬਲਕਿ ਅਗਵਾਕਾਰੀ , ਪ੍ਰਵਾਸੀਆਂ ਦੀ ਸਮੱਗਲਿੰਗ ਵੀ ਕਰ ਰਹੇ ਹਨ। ਇਕ ਸਕੂਲ ਅਧਿਆਪਕ ਬੈਰਨ ਗੁਜ਼ਮਨ ਨੇ ਕਿਹਾ ਕਿ, "ਜ਼ੈਕਤੇਕਾਸ ਅਪਰਾਧੀਆਂ ਦੇ ਹੱਥ ਵਿੱਚ ਹੈ ਅਤੇ ਰਾਜ ਸਰਕਾਰ ਨਿਯੰਤਰਣ ਵਿਚ ਨਹੀਂ ਹੈ।” ਪਰ ਮੈਕਸੀਕਨ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਨੇ ਦੇਸ਼ ਦੇ ਕਿਸੇ ਵੀ ਹਿੱਸੇ ਦਾ ਕੰਟਰੋਲ ਗੁਆ ਲਿਆ ਹੈ।ਰਾਸ਼ਟਰਪਤੀ ਆਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨੇ ਰਾਜ ਦੀ ਘੱਟ ਮੌਜੂਦਗੀ ਵਾਲੇ ਖੇਤਰਾਂ 'ਤੇ ਮੁੜ ਦਾਅਵਾ ਕਰਨ ਲਈ ਇਕ 100,000 ਮੈਂਬਰੀ ਰਾਸ਼ਟਰੀ ਗਾਰਡ ਦੀ ਸਥਾਪਨਾ ਕੀਤੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਮਹੱਤਵਪੂਰਣ ਬਦਲਾਓ ਆਵੇਗਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸੰਕਟ ਸਮੂਹ ਮੈਕਸੀਕੋ ਦੇ ਸੀਨੀਅਰ ਵਿਸ਼ਲੇਸ਼ਕ ਫਾਲਕੋ ਅਰਨਸਟ ਅਨੁਸਾਰ, ਗੈਰੇਰੋ ਜੋ ਕਿ ਇੱਥੇ ਪੱਛਮੀ ਵਰਜੀਨੀਆ ਦੇ ਆਕਾਰ ਦਾ ਇੱਕ ਰਾਜ ਹੈ। ਇਸ ਰਾਜ ਵਿੱਚ ਵੀ ਘੱਟੋ ਘੱਟ 40 ਹਥਿਆਰਬੰਦ ਸਮੂਹ ਸ਼ਹਿਰਾਂ ਅਤੇ ਕਾਰੋਬਾਰਾਂ ਉੱਤੇ ਦਬਦਬਾ ਕਾਇਮ ਕਰਨ ਲਈ ਝੜਪ ਕਰਦੇ ਹਨ। ਅਜਿਹੀ ਸਥਿਤੀ ਕੁਝ ਖੇਤਰਾਂ ਵਿੱਚ ਸੰਗਠਿਤ ਜੁਰਮ ਦੇ ਬਹੁਤ ਜ਼ਿਆਦਾ ਪ੍ਰਭਾਵ ਨੂੰ ਦਰਸਾਉਂਦੀ ਹੈ। ਸਰਕਾਰ ਨੇ ਸੰਯੁਕਤ ਰਾਜ ਦੀ ਸਹਾਇਤਾ ਨਾਲ ਕਿੰਗਪਿਨ ਰਣਨੀਤੀ ਦੇ ਤਹਿਤ ਆਪਣੀਆਂ ਫੌਜਾਂ ਨਾਲ ਕਈ ਸ਼ਕਤੀਸ਼ਾਲੀ ਸਮੂਹਾਂ ਜਿਵੇਂ ਕਿ ਜ਼ੇਟਾ, ਬੈਲਟਰੇਨ ਲੇਵਾ, ਜੁਰੇਜ਼ ਅਤੇ ਅਰੇਲਾਨੋ ਫਾਲਿਕਸ ਕਾਰਟੈਲ ਦੇ ਨੇਤਾਵਾਂ ਨੂੰ ਮਾਰਿਆ ਅਤੇ ਕਾਬੂ ਵਿੱਚ ਵੀ ਕੀਤਾ ਪਰ ਉਨ੍ਹਾਂ ਨੂੰ ਕਾਰੋਬਾਰ ਤੋਂ ਬਾਹਰ ਰੱਖਣ ਦੀ ਬਜਾਏ ਉਨ੍ਹਾਂ ਨੂੰ ਅਲੱਗ ਕੀਤਾ ਗਿਆ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਮੂਹ ਮੈਕਸੀਕੋ ਵਿੱਚ ਹਿੰਸਕ ਵਾਰਦਾਤਾਂ ਵਿੱਚ ਸਰਗਰਮ ਹਨ ਅਤੇ ਕਈ ਪ੍ਰਦੇਸਾਂ ਤੇ ਆਪਣਾ ਦਾਅਵਾ ਵੀ ਕਰਦੇ ਹਨ।