- ਪਾਵਨ ਸਰੂਪ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪਹੁੰਚਾਇਆ
- ਬੇਅਦਬੀ ਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਮਿਲੇ ਮਿਸਾਲੀ ਸਜ਼ਾ : ਜਥੇਦਾਰ ਨਿਰਮੈਲ ਸਿੰਘ ਜੌਲਾ
ਮੋਹਾਲੀ/ਡੇਰਾਬਸੀ/ਪਟਿਆਲਾ, 6 ਨਵੰਬਰ 2020 - ਹਲਕਾ ਡੇਰਾਬਸੀ ਦੇ ਪਿੰਡ ਦੇਵੀਨਗਰ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਬੇਅਦਬੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਦੀ ਅਗਵਾਈ 'ਚ ਵਫ਼ਦ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਛੇੜਛਾੜ ਅਤੇ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰਵਾਉਣ 'ਚ ਸਫਲਤਾ ਹਾਸਲ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਔਰਤ ਵੱਲੋਂ ਕੀਤੀ ਗਈ ਬੇਅਦਬੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਜਥੇਦਾਰ ਨਿਰਮੈਲ ਸਿੰਘ ਜੈਲਾ ਨੇ ਕਿਹਾ ਕਿ ਬੇਅਦਬੀ ਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੰਗਤਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੀ ਸੰਗਤਾਂ ਨੇ ਘਟਨਾ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਕਰਨ ਵਾਲੀ ਔਰਤ ਕੋਲੋਂ ਪੁੱਛਗਿੱਛ ਕਰਕੇ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ।
ਇਸ ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਜੌਲਾ ਦੀ ਅਗਵਾਈ 'ਚ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨੂੰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਹੈਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਅਤੇ ਗੁਰਦੁਆਰਾ ਪ੍ਰਬੰਧਕਾਂ ਦੀ ਮੌਜੂਦਗੀ ਵਿਚ ਬਿਰਾਜਮਾਨ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪਿੰਡ ਮਹਿਮਦਪੁਰ, ਪ੍ਰੇਮ ਸਿੰਘ ਦੇਵੀਨਗਰ, ਅਮਰੀਕ ਸਿੰਘ ਮਹਿਮਦਵਪੁਰ, ਗੁਰਨਾਮ ਸਿੰਘ ਦੇਵੀਨਗਰ, ਕੁਲਦੀਪ ਸਿੰਘ ਸ਼ਰਸ਼ੇਣੀ, ਮਨਜੀਤ ਸਿੰਘ ਬਸੌਲੀ ਆਦਿ ਹਾਜ਼ਰ ਸਨ।
ਭਾਈ ਲੌਂਗੋਵਾਲ ਨੇ ਪਾਵਨ ਸਰੂਪ ਦੀ ਬੇਅਦਬੀ ਦੀ ਕੀਤੀ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਡੇਰਾਬੱਸੀ ਨੇੜਲੇ ਪਿੰਡ ਦੇਵੀਨਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਔਰਤ ਵੱਲੋਂ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਈ ਲੋਂਗੋਵਾਲ ਨੇ ਕਿਹਾ ਕਿ ਬੇਅਦਬੀ ਕਰਨ ਵਾਲੀ ਔਰਤ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰੇ।