ਮਨਿੰਦਰਜੀਤ ਸਿੱਧੂ
ਜੈਤੋ, 8 ਨਵੰਬਰ 2020 - ਜੈਤੋ ਬਠਿੰਡਾ ਰੋਡ ਉੱਪਰ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਵੀ.ਆਰ.ਐੱਮ ਧਰਮ ਕੰਡੇ ਉੱਪਰ ‘ਅਧਰਮੀ’ ਹੋਣ ਦਾ ਦੋਸ਼ ਲਾਉਂਦਿਆਂ ਬੀ.ਐੱਮ. ਇੰਜੀਨੀਅਰਿੰਗ ਵਰਕਸ ਜੈਤੋ ਦੇ ਮਾਲਿਕ ਮੋਹਿੰਦਰ ਸਿੰਘ “ਭਰੀ” ਨੇ ਕਿਹਾ ਕਿ ਸਾਡੇ ਕੋਲ ਕੱਚੇ ਮਾਲ ਦੀ ਭਰੀ ਗੱਡੀ ਨੰਬਰ ਐੱਚ.ਆਰ. 65-9338 ਬਠਿੰਡਾ ਵਾਲੇ ਪਾਸੇ ਆ ਰਹੀ ਸੀ ਤਾਂ ਉਹ ਆਉਂਦੇ ਹੋਏ ਆਪਣਾ ਵਜਨ ਵੀ.ਆਰ.ਐਮ. ਧਰਮ ਕੰਡੇ ਤੋਂ ਕਰਵਾ ਕੇ ਆਏ। ਉਹਨਾਂ ਕਿਹਾ ਕਿ ਵਜਨ ਬਾਰੇ ਸਹੀ ਨਾ ਹੋਣ ਦਾ ਸ਼ੱਕ ਪੈਣ ਤੇ ਉਸੇ ਗੱਡੀ ਦਾ ਉਸੇ ਹਾਲਤ ਵਿੱਚ ਦੁਬਾਰਾ ਨੇੜੇ ਹੀ ਸਥਿਤ ਗੰਗਾ ਧਰਮ ਕੰਡੇ ਤੋਂ ਵਜਨ ਕਰਵਾਇਆ ਤਾਂ ਸਾਡੀ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਦੋਹਾਂ ਕੰਡਿਆਂ ਦੀ ਪਰਚੀਆਂ ਦੀ ਤੁਲਨਾ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਵੀ.ਆਰ.ਐੱਮ ਧਰਮ ਕੰਡਾ ਗੰਗਾ ਧਰਮ ਕੰਡੇ ਤੋਂ 85 ਕਿੱਲੋ ਭਾਰ ਘੱਟ ਦਰਸਾ ਰਿਹਾ ਸੀ।
ਮੋਹਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਗੱਡੀ ਦੇ ਮਾਲਕਾਂ ਅਤੇ ਮੈਂ ਜਦੋਂ ਵੀ.ਆਰ.ਐੱਮ. ਕੰਡੇ ਉੱਪਰ ਤੈਨਾਤ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਸਨੇ ਬਹੁਤ ਬਦਤਮੀਜੀ ਨਾਲ ਕਿਹਾ ਕਿ,”ਅਸੀਂ ਕਿਹੜਾ ਤੁਹਾਨੂੰ ਚਿੱਠੀ ਪਾ ਕੇ ਸੱਦਿਆ ਸੀ, ਹੋਰ ਬਥੇਰੇ ਕੰਡੇ ਹਨ, ਉੱਥੋਂ ਵਜਨ ਕਰਵਾ ਲੈਂਦੇ”।
ਇਸ ਤੋਂ ਇਲਾਵਾ ਉਕਤ ਮੁਲਾਜ਼ਮ ਵੱਲੋਂ ਇਹ ਵੀ ਕਬੂਲਿਆ ਗਿਆ ਕਿ ਇਸ ਕੰਡੇ ਉੱਪਰ ਇਸ ਜਗ੍ਹਾ ਗੱਡੀ ਖੜ੍ਹੀ ਕਰਨ ਨਾਲ ਵਜਨ ਘੱਟ ਆਉਂਦਾ ਅਤੇ ਇਸ ਜਗ੍ਹਾ ਖੜ੍ਹੀ ਕਰਨ ਨਾਲ ਸਹੀ। ਉਹਨਾਂ ਕਿਹਾ ਕਿ ਮੇਰਾ ਤਾਂ ਸਿਰਫ ਕੁੱਝ ਕੁਇੰਟਲ ਹੀ ਮਾਲ ਸੀ, ਪਰ ਇਸੇ ਕੰਡੇ ਤੋਂ ਸ਼ੈੱਲਰ ਵਿੱਚ ਲੱਗਣ ਲਈ ਕਿਸਾਨਾਂ ਦੀਆਂ ਫਸਲਾਂ ਦੀਆਂ ਅਣਗਿਣਤ ਟਰਾਲੀਆਂ ਰੋਜਾਨਾ ਤੋਲੀਆਂ ਜਾਂਦੀਆਂ ਹਨ ਤਾਂ ਅੰਦਾਜਾ ਲਗਾਓ ਕਿ ਉਹਨਾਂ ਨਾਲ ਕਿੱਡੀ ਵੱਡੀ ਠੱਗੀ ਵੱਜਦੀ ਹੋਊ।
ਵੀ.ਆਰ.ਐੱਮ ਕੰਡੇ ਦੀ ਹੋਵੇਗੀ ਜਾਂਚ-ਅੰਸ਼ੂਮਾਨ ਮੋਂਗਾ
ਉਕਤ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਦ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਮਾਪ ਤੋਲ ਨਾਲ ਸੰਬੰਧਿਤ ਅਧਿਕਾਰੀ ਅੰਸ਼ੂਮਾਨ ਮੋਂਗਾ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਉਕਤ ਕੰਡੇ ਦੀ ਜਾਂਚ ਕਰਾਂਗੇ ਅਤੇ ਦੋਸ਼ੀ ਪਾਏ ਜਾਣ ਦੀ ਸੂਰਤ ਵਿੱਚ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਕੰਡੇ ਵਿੱਚ ਨੁਕਸ ਦਾ ਸ਼ੱਕ ਪੈਣ ‘ਤੇ ਕੰਡਾ ਬੰਦ ਕਰ ਦਿੱਤਾ- ਮਾਲਕ
ਵੀ.ਆਰ.ਐੱਮ ਕੰਡੇ ਦੇ ਮਾਲਕਾਂ ਨਾਲ ਜਦ ਅਸੀਂ ਉਕਤ ਲੱਗ ਰਹੇ ਦੋਸ਼ਾਂ ਬਾਰੇ ਉਹਨਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਬਹੁਤ ਜਿਆਦਾ ਮਿੱਟੀ ਘੱਟਾ ਪੈਣ ਨਾਲ ਕਈ ਵਾਰ ਕੰਡੇ ਵੱਧ-ਘੱਟ ਦੱਸਣ ਲੱਗ ਜਾਂਦੇ ਹਨ।ਉਹਨਾਂ ਕਿਹਾ ਕਿ ਅਸੀਂ ਕੰਡਾ ਕੰਪਨੀ ਨੂੰ ਇਸਦੀ ਜਾਂਚ ਕਰਨ ਦੀ ਸ਼ਿਕਾਇਤ ਪਾ ਕੇ ਕੰਡਾ ਆਮ ਜਨਤਾ ਦੀ ਵਰਤੋਂ ਲਈ ਬੰਦ ਕਰ ਦਿੱਤਾ ਹੈ।