ਮਨਿੰਦਰਜੀਤ ਸਿੱਧੂ
- ਅਮ੍ਰਿਤ ਅਰੋੜਾ ਅਤੇ ਡਾ. ਹਰੀਸ਼ ਚੰਦਰ ਗੋਇਲ ਨੇ ਕੀਤਾ ਸ਼ਲਾਘਾਯੋਗ ਕੰਮ
ਜੈਤੋ, 10 ਨਵੰਬਰ 2020 - ਜੈਤੋ ਦਾ ਖੇਡ ਸਟੇਡੀਅਮ ਵੀ ਜੈਤੋ ਦੀਆਂ ਸੜਕਾਂ, ਨਾਲੀਆਂ, ਸਿਵਲ ਹਸਪਤਾਲ, ਗਲੀਆਂ ਅਤੇ ਸੀਵਰੇਜ ਵਾਂਗੂ ਮੰਦਹਾਲੀ ਦੇ ਆਲਮ ਵਿੱਚੋਂ ਗੁਜਰ ਰਿਹਾ ਹੈ। ਸ਼ਹਿਰ ਵਾਸੀਆਂ ਦੇ ਰੋਣ ਕੁਰਲਾਉਣ ਦਾ ਨਾ ਤਾਂ ਸਰਕਾਰ ਉੱਪਰ ਕੋਈ ਅਸਰ ਹੁੰਦਾ ਹੈ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਉੱਪਰ। ਸ਼ਹਿਰਵਾਸੀਆਂ ਦੀ ਸੱਤਾਧਾਰੀ ਸੁਣਦੇ ਨਹੀਂ, ਵਿਰੋਧੀ ਧਿਰ ਵਾਲੇ ਸੁਣ ਤਾਂ ਲੈਂਦੇ ਹਨ ਪਰ ਸਰਕਾਰ ਕੋਲ ਸ਼ਿੱਦਤ ਨਾਲ ਗੱਲ ਨਹੀਂ ਪਹੁੰਚਾਉਂਦੇ।
ਜੇਕਰ ਜੈਤੋ ਦੇ ਸਟੇਡੀਅਮ ਦੀ ਗੱਲ ਕੀਤੀ ਜਾਵੇ ਤਾਂ ਕਈ ਦਹਾਕੇ ਪਹਿਲਾਂ ਬਣਿਆ ਇਹ ਸਟੇਡੀਅਮ ਹੁਣ ਮੰਦੇ ਹਾਲ ਵਿੱਚ ਹੈ। ਇਸ ਸਟੇਡੀਅਮ ਵਿੱਚ ਹਰ ਰੋਜ ਜੈਤੋ ਅਤੇ ਆਸਪਾਸ ਦੇ ਪਿੰਡਾਂ ਵਿੱਚੋਂ ਸੈਂਕੜੇ ਬੱਚੇ ਅਤੇ ਨੌਜਵਾਨ ਅਭਿਆਸ ਕਰਨ ਆਉਂਦੇ ਹਨ। ਪੁਲਿਸ ਜਾਂ ਫੌਜ ਦੀ ਭਰਤੀ ਹੋਣ ਵੇਲੇ ਤਾਂ ਕਈ ਮਹੀਨਿਆਂ ਤੱਕ ਪੂਰਾ ਮੇਲਾ ਲੱਗਿਆ ਰਹਿੰਦਾ ਹੈ। ਪਰ ਇਸ ਸਟੇਡੀਅਮ ਵਿੱਚ ਬੁਨਿਆਦੀ ਸਹੂਲਤਾਂ ਦੀ ਬਹੁਤ ਘਾਟ ਹੈ। ਇਸ ਸਟੇਡੀਅਮ ਵਿੱਚ ਨਾ ਤਾਂ ਚੱਜ ਦਾ ਟਰੈਕ ਹੈ, ਨਾ ਪਖਾਨੇ , ਨਾ ਖਿਡਾਰੀਆਂ ਦੇ ਕੱਪੜੇ ਵਗੈਰਾ ਬਦਲਣ ਲਈ ਕਮਰੇ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ।
ਸਹੂਲਤਾਂ ਵਿਹੂਣੇ ਇਸ ਸਟੇਡੀਅਮ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਰਕੇ ਸਵੇਰੇ ਆਉਣ ਵਾਲੇ ਬੱਚਿਆਂ ਲਈ ਬਹੁਤ ਮੁਸ਼ਕਿਲ ਆਉਂਦੀ ਹੈ। ਸਿਆਲਾਂ ਦੇ ਦਿਨਾਂ ਵਿੱਚ ਤਾਂ ਇਹ ਮੁਸ਼ਕਲ ਹੋਰ ਵੀ ਗੰਭੀਰ ਹੋ ਜਾਂਦੀ ਹੈ।
ਰਾਜਨੀਤਿਕ ਲੋਕਾਂ ਦੀਆਂ ਮਿੰਨਤਾਂ ਕਰ ਕਰ ਅੱਕ ਨੌਜਵਾਨਾਂ ਨੇ ਅਖੀਰ ਜੈਤੋ ਸ਼ਹਿਰ ਦੇ ਲਈ ਆਪਣੇ ਪੱਧਰ ‘ਤੇ ਲੋਕ ਭਲਾਈ ਅਤੇ ਮਾਨਵਤਾ ਦੀ ਸੇਵਾ ਵਿੱਚ ਲੀਨ ਅਮ੍ਰਿਤ ਅਰੋੜਾ ਅਤੇ ਡਾ. ਹਰੀਸ਼ ਚੰਦਰ ਗੋਇਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਆਪਣੀ ਟੀਮ ਦੀ ਮਦਦ ਦੇ ਨਾਲ ਸਮੁੱਚੇ ਸਟੇਡੀਅਮ ਵਿੱਚ ਵੱਡੀਆਂ ਫਲੱਡ ਐੱਲ.ਈ.ਡੀ. ਲਾਈਟਾਂ ਲਾ ਕੇ ਜੈਤੋ ਦੇ ਇਸ ਸਟੇਡੀਅਮ ਨੂੰ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਬਰਾਬਰ ਜਗਣ ਲਗਾ ਦਿੱਤਾ।ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਆਉਂਦੇ ਨੌਜਵਾਨਾਂ ਦਾ ਕਹਿਣਾ ਸੀ ਕਿ ਅਮ੍ਰਿਤ ਅਰੋੜਾ ਇਨਸਾਨੀਅਤ ਕਲੱਬ ਨੇ ਐੱਲ.ਈ.ਡੀ. ਲਾਈਟਾਂ ਦਾ ਪ੍ਰਬੰਧ ਕਰਕੇ ਗਰੀਬ ਬੱਚਿਆਂ ਦੇ ਜੀਵਨ ਵਿੱਚੋਂ ਹਨ੍ਹੇਰਾ ਦੂਰ ਕਰਨ ਦਾ ਇੱਕ ਯਤਨ ਕੀਤਾ ਹੈ।ਇਸ ਸਟੇਡੀਅਮ ਵਿੱਚ ਮਿਹਨਤ ਕਰਕੇ ਹਰ ਸਾਲ ਸੈਂਕੜੇ ਨੌਜਵਾਨ ਪੁਲਿਸ, ਫੌਜ ਅਤੇ ਨੀਮ ਫੌਜੀ ਬਲਾਂ ਵਿੱਚ ਭਰਤੀ ਹੋ ਕੇ ਰੋਟੀ ਦੇ ਸਿਰੇ ਹੁੰਦੇ ਹਨ।
ਨੌਜਵਾਨਾਂ ਦੀ ਗੁਹਾਰ ‘ਤੇ ਅਮ੍ਰਿਤ ਅਰੋੜਾ, ਡਾ. ਹਰੀਸ਼ ਗੋਇਲ ਅਤੇ ਉਹਨਾਂ ਦੇ ਸਮੁੱਚੇ ਕਲੱਬ ਮੈਂਬਰਾਂ ਜਿਵੇਂ ਜਗਦੇਵ ਸਿੰਘ ਗੋਰਾ ਢੱਲਾ, ਅਮਰਜੀਤ ਸਿੰਘ ਮੱਕੜ, ਅੰਕੁਸ਼ ਬਾਂਸਲ ਦੁਆਰਾ ਸਟੇਡੀਅਮ ਅਤੇ ਸਟੇਡੀਅਮ ਨੂੰ ਜਾਂਦੀ ਸੁੰਨੀ ਸੜਕ ਉੱਪਰ ਅਤਿ ਆਧੁਨਿਕ ਲਾਈਟਾਂ ਦਾ ਪ੍ਰਬੰਧ ਕਰ ਜਿੱਥੇ ਮਹਾਨ ਕੰਮ ਕੀਤਾ ਹੈ, ਉੱਥੇ ਇਹ ਰਾਜਨੀਤਿਕ ਲੋਕਾਂ ਦੇ ਮੂੰਹ ਉੁੱਪਰ ਕਰਾਰੀ ਚਪੇੜ ਹੈ। ਜਿਕਰਯੋਗ ਹੈ ਕਿ ਵੱਖ-ਵੱਖ ਸਮੇਂ ਉੱਪਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਲੀਡਰ ਜਿਵੇਂ ਸਾਬਕਾ ਐੱਮ.ਪੀ. ਪ੍ਰੋਫੈਸਰ ਸਾਧੂ ਸਿੰਘ, ਸ਼੍ਰੋਮਣੀ ਅਕਾਲੀਦਲ ਦੇ ਤਤਕਾਲੀਨ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ, ਮੌਜੂਦਾ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਇਸ ਸਟੇਡੀਅਮ ਵਿੱਚ ਅੱਪੜ ਕੇ ਇੱਥੇ ਆਉਂਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੇ ਯਤਨ ਤਾਂ ਕਰਦੇ ਰਹੇ ਹਨ, ਪਰ ਉਹਨਾਂ ਸਿਵਾਏ ਕੇਲੇ ਵੰਡਣ ਤੋਂ ਜਾਂ ਝੂਠੇ ਲਾਰੇ ਲਾਉਣ ਤੋਂ ਇਸ ਸਟੇਡੀਅਮ ਅਤੇ ਇੱਥੇ ਆਉਂਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਸਾਰਥਕ ਕਦਮ ਨਹੀਂ ਪੁੱਟਿਆ ਗਿਆ।