ਮਨਿੰਦਰਜੀਤ ਸਿੱਧੂ
- ਕਾਮਰੇਡ ਸੰਜੀਵ ਬੰਦਲਿਸ਼ ਦੀ ਅਗਵਾਈ ਵਿੱਚ ਹੋਇਆ ਲਾਗੂ ਹੋਇਆ ਇਤਿਹਾਸਕ ਸਮਝੌਤਾ-ਗੁਲਸ਼ਨ ਓਬਰਾਏ
ਜੈਤੋ, 11 ਨਵੰਬਰ 2020 - ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਤਨਖਾਹਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਲਗਾਤਾਰ ਸੰਘਰਸ਼ਾਂ ਦੇ ਰਾਹ ਉੱਤੇ ਸਨ।ਉਹਨਾਂ ਦੇ ਸੰਘਰਸ਼ ਨੇ ਆਖਿਰ ਰੰਗ ਲਿਆਂਦਾ ਅਤੇ ਅੱਜ ਬੈਂਕਾਂ ਦੀਆਂ ਮੁਲਾਜ਼ਮ ਅਤੇ ਅਧਿਕਾਰੀ ਜੱਥੇਬੰਦੀਆਂ ਦੇ ਸਮੂਹ ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨਸ ਅਤੇ ਸਰਕਾਰ ਦੀ ਤਰਫੋਂ ਇੰਡੀਅਨ ਬੈਂਕਸ ਐਸੋਸੀਏਸ਼ਨ ਦਰਮਿਆਨ 11 ਵਾਂ ਦੋ ਪੱਖੀ ਸਮਝੌਤਾ ਲਾਗੂ ਹੋ ਗਿਆ।
ਫੋਨ ਉੱਪਰ ਗੱਲਬਾਤ ਕਰਦਿਆਂ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੇ ਡਿਪਟੀ ਜਨਰਲ ਸੈਕਟਰੀ ਅਤੇ ਆਲ ਇੰਡੀਆ ਸਟੇਟ ਬੈਂਕ ਆਫ ਇੰਡੀਆ ਸਟਾਫ ਫੈਡਰੇਸ਼ਨ ਦੇ ਵਾਈਸ ਪ੍ਰੈਜੀਡੈਂਟ ਕਾਮਰੇਡ ਗੁਲਸ਼ਨ ਓਬਰਾਏ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਨੇ ਆਪਣੇ ਏਕੇ ਦੀ ਤਾਕਤ ਦੇ ਬਲਬੂਤੇ ਆਪਣੀ ਜੰਗ ਜਿੱਤ ਲਈ ਹੈ। ਉਹਨਾਂ ਕਿਹਾ ਕਿ ਨੈਸ਼ਨਲ ਕਾਨਫੈਡਰੇਸ਼ਨ ਆਫ ਬੈਂਕ ਇਮਪਲਾਈਜ ਦੇ ਕਨਵੀਨਰ ਅਤੇ ਯੂ.ਐੱਫ.ਬੀ.ਯੂ ਦੇ ਕਨਵੀਨਰ ਕਾਮਰੇਡ ਸੰਜੀਵ ਕੁਮਾਰ ਬੰਦਲਿਸ਼ ਦੀ ਅਗਵਾਈ ਵਿੱਚ ਇਹ ਇੱਕ ਇਤਿਹਾਸਕ ਸਮਝੌਤਾ ਲਾਗੂ ਹੋਇਆ ਹੈ।
ਏ.ਜੀ.ਐੱਸ ਕਾਮਰੇਡ ਪਰਮਜੀਤ ਸਿੰਘ ਜੁਲਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਇਹ ਤਨਖਾਹ ਸਮਝੌਤਾ ਨਵੰਬਰ 2017 ਤੋਂ ਲਟਕਦਾ ਆ ਰਿਹਾ ਸੀ ਅਤੇ ਹੁਣ ਬੜੇ ਲੰਮੇ ਅਰਸੇ ਬਾਦ ਅਤੇ ਬੜੇ ਕਰੜੇ ਸੰਘਰਸ਼ ਉਪਰੰਤ ਇਹ ਸਮਝੌਤਾ ਲਾਗੂ ਹੋਇਆ ਹੈ ਅਤੇ ਇਸਦੀ ਮਿਆਦ ਨਵੰਬਰ 2022 ਤੱਕ ਹੋਵੇਗੀ। ਉਹਨਾਂ ਕਿਹਾ ਕਿ ਇਸ ਤਨਖਾਹ ਸਮਝੌੋਤੇ ਵਿੱਚ ਤਨਖਾਹਾਂ ਦੇ ਵਿੱਚ ਵਾਧੇ ਤੋਂ ਇਲਾਵਾ ਮੁਲਾਜ਼ਮਾਂ ਨੂੰ ਹੋਰ ਵੀ ਕਾਫੀ ਫਾਇਦੇ ਹੋਣਗੇ ਅਤੇ ਮੁਲਾਜ਼ਮਾਂ ਤੋਂ ਇਲਾਵਾ ਸੇਵਾਮੁਕਤ ਹੋ ਚੁੱਕੇ ਬੈਂਕਾਂ ਦੇ ਪੈਨਸ਼ਰਾਂ ਨੂੰ ਕਾਫੀ ਆਰਥਿਕ ਲਾਭ ਹੋਵੇਗਾ।
ਉਹਨਾਂ ਕਿਹਾ ਕਿ ਮਹਿਲਾ ਕਰਮਚਾਰੀਆਂ ਨੂੰ ਇਸ ਤਨਖਾਹ ਸਮਝੌਤੇ ਵਿੱਚ ਵਿਸ਼ੇਸ਼ ਰਿਆਇਤਾਂ ਦੀ ਵੀ ਗੱਲ ਕੀਤੀ ਗਈ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਬੈਂਕ ਮੁਲਾਜ਼ਮਾਂ ਦੀ 5 ਦਿਨ ਕੰਮ ਦੀ ਮੰਗ ਸੰਬੰਧੀ ਇਸ ਸਮਝੌਤੇ ਵਿੱਚ ਸਰਕਾਰ ਨਾਲ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਤਰ੍ਹਾਂ ਬੈਂਕ ਮੁਲਾਜ਼ਮਾਂ ਲਈ ਤਿਉਹਾਰਾਂ ਦੇ ਸੀਜਨ ਵਿੱਚ ਇਸਨੂੰ ਸਰਕਾਰ ਤਰਫੋਂ ਇੱਕ ਤੋਹਫੇ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ।