ਹਰਜਿੰਦਰ ਸਿੰਘ ਭੱਟੀ
- ਖੂਨਦਾਨ ਕੈਂਪ ਚ 29 ਯੂਨਿਟ ਬਲੱਡ ਕੀਤਾ ਇਕੱਤਰ : ਕਮਲੇਸ਼ ਕੌਸ਼ਲ
- 25 ਨਵੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਜਾਵੇਗਾ ਖੂਨਦਾਨ ਕੈਂਪ
ਜ਼ੀਰਕਪੁਰ, 12 ਨਵੰਬਰ 2020 - ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਵਿਸਵਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਪੀਰ ਮੁੱਛਾਲਾ ਨੇੜੇ ਜੀਰਕਪੁਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੀ ਡਾਕਟਰਾਂ ਦੀ ਟੀਮ ਵਲੋਂ 29 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਐਸ.ਏ.ਐਸ ਨਗਰ ਕਮਲੇਸ਼ ਕੌਸ਼ਲ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ ਹਸਪਤਾਲਾਂ ਚ ਲੋੜਵੰਦਾਂ ਲਈ ਖੂਨ ਦੀ ਘਾਟ ਮਹਿਸੂਸ ਨਾ ਹੋਵੇ ਇਸ ਲਈ ਖੂਨਦਾਨ ਕੈਂਪ ਲਗਾਕੇ ਖੂਨ ਇਕੱਤਰ ਕੀਤਾ ਜਾ ਰਿਹਾ ਹੈ।
ਕੌਸ਼ਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ—19 ਮਹਾਂਮਾਰੀ ਦੌਰਾਨ ਜ਼ਿਲ੍ਹੇ ਵਿਚ ਵੱਖ—ਵੱਖ ਥਾਵਾਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਵਲੋਂ ਇਸ ਖੂਨਦਾਨ ਕੈਂਪ ਵਿੱਚ ਰਿਫਰੈਸ਼ਮੈਂਟ, 200 ਮਾਸਕ, ਸੈਨੀਟਾਈਜ਼ਰ, ਬੈਜ, 200 ਸਾਬਣ ਆਦਿ ਮੁਹੱਈਆ ਕਰਵਾਏ ਗਏ। ਇਸ ਕੈਂਪ ਵਿਖੇ ਇੱਕਤਰ ਹੋਏ ਲੋਕਾਂ ਨੂੰ ਕੋਵਿਡ—19 ਤੋਂ ਬਚਣ ਸਬੰਧੀ ਮਾਸਕ ਪਾਉਣ, ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ, ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਵੀ ਜਾਗਰੂਕ ਕੀਤਾ ਗਿਆ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਨੇ ਦੱਸਿਆ ਕਿ ਕੋਰਨਾ ਮਹਾਂਮਾਰੀ ਦੇ ਚੱਲਦਿਆਂ ਬਲੱਡ ਬੈਂਕਾਂ ਚ ਖੂਨ ਦੀ ਘਾਟ ਮਹਿਸੂਸ ਨਾ ਹੋਵੇ ਇਸ ਲਈ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਲਈ ਅੱਗੇ ਆਉਣ । ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੂਰਬ ਨੂੰ ਸਮਰਪਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ—76, ਐਸ.ਏ.ਐਸ.ਨਗਰ ਵਿਖੇ ਇਕ ਮਹਾਨ ਖੂਨਦਾਨ ਕੈਂਪ ਲਗਾਇਆ ਜਾਵੇਗਾ । ਇਸ ਕੈਂਪ ਵਿੱਚ ਵੱਧ ਤੋਂ ਵੱਧ ਲੋਕ ਪਹੁੰਚਕੇ ਖੂਨਦਾਨ ਕਰਨ ਚ ਆਪਣਾ ਸਹਿਯੋਗ ਦੇਣ।
ਕੌਸ਼ਲ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਰੈਡ ਕਰਾਸ ਸੁਸਾਇਟੀ ਵਲੋਂ ਜੋ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਇਹ ਸਾਰੇ ਆਮ ਜਨਤਾ ਵਲੋਂ ਦਿੱਤੇ ਜਾ ਰਹੇ ਸਹਿਯੋਗ/ਦਾਨ ਨਾਲ ਹੀ ਨੇਪਰੇ ਚਾੜ੍ਹੇ ਜਾ ਰਹੇ ਹਨ। ਇਸ ਲਈ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਨੂੰ ਲੋਕ ਭਲਾਈ ਦੇ ਕੰਮਾਂ ਨੂੰ ਨੇਪਰੇ ਚਾੜ੍ਹਣ ਲਈ ਵੱਧ ਤੋਂ ਵੱਧ ਆਪਣਾ ਸਹਿਯੋਗ ਤੇ ਦਾਨ ਦੇਣ ਨੂੰ ਤਰਹੀਜ ਦਿੱਤੀ ਜਾਵੇ।