ਹਰੀਸ਼ ਕਾਲੜਾ
- ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਸ੍ਰੀ ਅਨੰਦਪੁਰ ਸਾਹਿਬ, 13 ਨਵੰਬਰ 2020 - ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਜ਼ਿਲ੍ਹਾ ਵਾਸੀਆਂ ਨੂੰ ਦਿਵਾਲੀ ਅਤੇ ਅਗਾਮੀ ਹੋਰ ਤਿਉਹਾਰਾਂ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਹੈ ਕਿ ਇਹਨਾਂ ਖੁਸ਼ੀ ਦੇ ਮੌਕਿਆਂ ਉੱਪਰ ਜਸ਼ਨ ਮਨਾਉਣ ਵੇਲੇ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਹ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਦਿਵਾਲੀ ਅਤੇ ਗੁਰਪੁਰਬ 'ਤੇ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਕ੍ਰਿਸਮਿਸ ਦੇ ਤਿਉਹਾਰ 'ਤੇ ਵੀ ਕੁਝ ਰੋਕਾਂ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਵੀ ਐਲਾਨ ਕੀਤਾ ਹੈ।
ਇਨਾਂ ਹੁਕਮਾਂ ਮੁਤਾਬਕ ਸਿਰਫ ਹਰੇ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਹੋਵੇਗੀ ਅਤੇ ਇਹ ਹੁਕਮ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਕੋਵਿਡ ਦੀ ਸਮੱਸਿਆ ਪਟਾਕਿਆਂ ਨਾਲ ਹੋਰ ਗੰਭੀਰ ਹੋ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਖ-ਵੱਖ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਕੀਤੇ ਗਏ ਹਨ।ਉਹਨਾਂ ਕਿਹਾ ਕਿ ਦੀਵਾਲੀ ਵਾਲੇ ਦਿਨ 14 ਨਵੰਬਰ ਰਾਤ 8 ਵਜੇ ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਏ ਜਾ ਸਕਦੇ ਹਨ, ਗੁਰਪੁਰਬ 30 ਨਵੰਬਰ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇઠਰਾਤ 9 ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾਏਗੀ। ਇਸੇ ਤਰਾਂ ਕ੍ਰਿਸਮਿਸ ਦੇ ਮੌਕੇ ਲੋਕ ਇਹ ਪਟਾਕੇ ਰਾਤ 11:55 ਤੋਂ ਲੈ ਕੇ ਸਵੇਰੇ 12:30 ਵਜੇ ਤੱਕ ਚਲਾ ਜਾ ਸਕਦੇ ਹਨ।ઠਇਨਾਂ ਰੋਕਾਂ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਉਹਾਰ ਮਨਾਉਣ ਅਤੇ ਵਧ ਰਹੇ ਹਵਾ ਪ੍ਰਦੂਸ਼ਣ ਦੇ ਸਨਮੁੱਖ ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ। ਕੋਵਿਡ-19 ਮਹਾਂਮਾਰੀ ਦੌਰਾਨ ਸੁਰੱਖਿਅਤ ਤਿਉਹਾਰ ਮਨਾਉਣਾ ਯਕੀਨੀ ਬਣਾਉਣ ਲਈ ਸਾਨੂੰ ਅਸਾਧਾਰਣ ਸਵੈ-ਅਨੁਸ਼ਾਸਨ ਅਤੇ ਸੰਜਮ ਵਰਤਣ ਦੀ ਲੋੜ ਹੈ। ਸਾਰੇ ਨਾਗਰਿਕਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕਾਲਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਜ਼ਿੰਮੇਵਾਰੀ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ। ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਵਿੱਚ ਹੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਜੇ ਉਨਾਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਪੈਂਦੀ ਵੀ ਹੈ ਤਾਂ ਉਹ ਹਰ ਸਮੇਂ ਮਾਸਕ ਜ਼ਰੂਰ ਪਹਿਨਣ।
ਉਹਨਾਂ ਕਿਹਾ ਕਿ ਪ੍ਰੋਟੋਕੋਲਾਂ ਅਨੁਸਾਰ ਕੰਟੇਨਮੈਂਟ ਜ਼ੋਨਾਂ ਵਿੱਚ ਤਿਉਹਾਰ ਸਬੰਧੀ ਕਿਸੇ ਸਮਾਗਮਾਂ ਦੀ ਆਗਿਆ ਨਹੀਂ ਹੈ। ਕੰਟੇਨਮੈਂਟ ਜ਼ੋਨਾਂ ਤੋਂ ਆਉਣ ਵਾਲੇ ਪ੍ਰਬੰਧਕਾਂ/ਸਟਾਫ਼/ਮਹਿਮਾਨਾਂ ਨੂੰ ਸਮਾਗਮਾਂ ਦਾ ਹਿੱਸਾ ਬਣਨ ਦੀ ਆਗਿਆ ਨਹੀਂ ਹੋਵੇਗੀ। ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਤਿਉਹਾਰ ਮਨਾਉਣ ਲਈ ਉਤਸ਼ਾਹਤ ਕੀਤਾ ਜਾਵੇ। ਵਧੇਰੇ ਉਮਰ ਦੇ ਬਜ਼ੁਰਗਾਂ, ਹੋਰਨਾਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਅੰਦਰ ਹੀ ਰਹਿਣ ਦੀ ਸਲਾਹ ਹੈ।
ਉਹਨਾਂ ਜਿਲ੍ਹਾ ਵਾਸੀਆਂ ਨੂੰ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਕਿ ਦਿਵਾਲੀ ਮੌਕੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਦਾ ਪੱਧਰ, ਖ਼ਾਸ ਕਰਕੇ ਸਲਫ਼ਰ ਨਾਈਟ੍ਰੇਟ, ਮੈਗਨੀਸ਼ੀਅਮ ਅਤੇ ਨਾਈਟ੍ਰੋਜਨ ਡਾਈਆਕਸਾਈਡ ਦਾ ਪੱਧਰ ਕਈ ਗੁਣਾਂ ਵੱਧ ਜਾਂਦਾ ਹੈ, ਜੋ ਸਾਡੀ ਸਾਹ ਪ੍ਰਣਾਲੀ ਲਈ ਬਹੁਤ ਹਾਨੀਕਾਰਕ ਹੈ ਅਤੇ ਦਮਾ, ਫੇਫੜਿਆਂ ਦੇ ਕੈਂਸਰ ਅਤੇ ਸਾਹ ਲੈਣ ਵਿੱਚ ਤਕਲੀਫ਼ ਜਿਹੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਹਵਾ ਪ੍ਰਦੂਸ਼ਣ ਦਾ ਪੱਧਰ ਦੇਸ਼ ਵਿਚ ਪ੍ਰਦੂਸ਼ਣ ਦੀ ਤੈਅਸ਼ੁਦਾ ਹੱਦ ਪਾਰ ਕਰ ਗਿਆ ਹੈ, ਜੋ ਮਨੁੱਖੀ ਸਰੀਰ ਲਈ ਹਾਨੀਕਾਰਕ ਹੈ ਅਤੇ ਖ਼ਾਸ ਕਰਕੇ ਦਮਾ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਾਹ ਲੈਣ ਵਿਚ ਵੱਡੀਆਂ ਮੁਸ਼ਕਲਾਂ ਪੈਦਾ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਲੋਕਾਂ ਨੂੰ ਸਿਰਫ਼ ਐਫ.ਐਸ.ਐਸ.ਏ.ਆਈ. ਲਾਇਸੰਸਸ਼ੁਦਾ ਜਾਂ ਰਜਿਸਟਰਡ ਦੁਕਾਨਾਂ ਤੋਂ ਹੀ ਮਠਿਆਈਆਂ ਅਤੇ ਹੋਰ ਖ਼ੁਰਾਕ ਪਦਾਰਥ ਖ਼ਰੀਦਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਲੋਕਾਂ ਨੂੰ ਅਜਿਹੀਆਂ ਵਸਤਾਂ, ਮਿਆਦ ਪੁੱਗਣ ਦੀ ਤਰੀਕ ਵੇਖ ਕੇ ਹੀ ਖ਼ਰੀਦਣੀਆਂ ਚਾਹੀਦੀਆਂ ਹਨ ਅਤੇ ਰੰਗਾਂ ਵਾਲੀਆਂ ਮਿਠਾਈਆਂ ਖ਼ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਲੋਕਾਂ ਨੂੰ ਘਟੀਆ ਖੋਏ ਨਾਲ ਬਣੀਆਂ ਮਠਿਆਈਆਂ ਨਹੀਂ ਖ਼ਰੀਦਣੀਆਂ ਚਾਹੀਦੀਆਂ ਅਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੀਆਂ ਮਠਿਆਈਆਂ ਚੰਗੀ ਤਰਾਂ ਅਤੇ ਸੁਰੱਖਿਅਤ ਢੰਗ ਨਾਲ ਤਿਆਰ ਕੀਤੀਆਂ ਹੋਣ। ਜ਼ਿਆਦਾ ਤਲੇ ਹੋਏ ਭੋਜਨ ਪਦਾਰਥਾਂ ਖ਼ਾਸ ਤੌਰ 'ਤੇ ਫ਼ਰੋਜਨ ਖਾਦ-ਪਦਾਰਥਾਂ ਅਤੇ ਘਰਾਂ ਤੇ ਦੁਕਾਨਾਂ 'ਤੇ ਦੁਬਾਰਾ ਵਰਤੇ ਤੇਲ ਨਾਲ ਬਣੇ ਪਦਾਰਥਾਂ ਤੋਂ ਸਖ਼ਤੀ ਨਾਲ ਪਰਹੇਜ਼ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਫੇਸਬੁੱਕ ਤੇ ਲਾਈਵ ਹੋ ਕੇ ਜਿਲ੍ਹਾ ਵਾਸੀਆਂ ਨੂੰ ਦਿਵਾਲੀ ਦਾ ਤਿਉਹਾਰ ਮਨਾਉਣ ਸਮੇ ਵਿਸੇਲੋੜਾ ਵਾਲੇ ਬੱਚਿਆਂ ਵਲੋ ਤਿਆਰ ਸਮਾਨ ਖਰੀਦ ਕੇ ਉਨ੍ਹਾਂ ਦਾ ਹੋਸਲਾ ਵਧਾਉਣ ਅਤੇ ਦਿਵਾਲੀ ਨੂੰ ਹੋਰ ਰੋਸ਼ਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਚਮਕੋਰ ਸਾਹਿਬ ਬੇਲਾ ਚੋਕ, ਰੂਪਨਗਰ ਸ਼ਹਿਰ ਵਿਚ ਇਨ੍ਹਾਂ ਵਿਸੇਲੋੜਾ ਵਾਲੇ ਬੱਚਿਆ ਦਾ ਇੱਕ ਸਕੂਲ ਚੱਲ ਰਿਹਾ ਹੈ ਜਿੱਥੇ ਅਜਿਹੇ ਬੱਚੇ ਹਨ ਜ਼ੋ ਬੋਲ ਅਤੇ ਸੁਣ ਨਹੀ ਸਕਦੇ ਉਨ੍ਹਾਂ ਬੱਚਿਆਂ ਨੇ ਦਿਵਾਲੀ ਦੇ ਤਿਉਹਾਰ ਮੋਕੇ ਮੋਮਬੱਤੀਆਂ ਅਤੇ ਦੀਵੇ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਖਰੀਦਣ ਦੀ ਅਸੀ ਅਪੀਲ ਕਰ ਰਹੇ ਹਾਂ। ਅਜਿਹਾ ਇੱਕ ਸਟਾਲ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਣੀ ਚਾਹੀਦੀ ਹੈ, ਪ੍ਰਦੂਸਂਣ ਫੈਲਣ ਤੋ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ, ਕਿਸਾਨਾ ਨੂੰ ਪਰਾਲੀ ਦੀ ਸਹੀ ਸਾਂਭ ਸੰਭਾਲ ਕਰਕੇ ਜਮੀਨ ਵਿਚ ਹੀ ਮਿਲਾਉਣਾ ਚਾਹੀਦਾ ਹੈ, ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਘਾਤਕ ਬਿਮਾਰੀਆਂ ਤੋ ਬਚਣ ਲਈ ਹਰ ਕਿਸੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ।