ਮਨਿੰਦਰਜੀਤ ਸਿੱਧੂ
- ਜੇਬ ਖਾਲੀ ਵਾਲਿਆਂ ਦੀ ਕਾਹਦੀ ਦਿਵਾਲੀ, ਸਮਾਜ ਦੇ ਕੁੱਝ ਵਰਗ ਮੰਦੀ ਅਤੇ ਕੁੱਝ ਸਰਕਾਰ ਤੋਂ ਖਫਾ
ਜੈਤੋ, 13 ਨਵੰਬਰ 2020 - ਦਿਵਾਲੀ ਦਾ ਤਿਉਹਾਰ ਜਦੋਂ ਆਉਂਦਾ ਬੱਚੇ, ਜਵਾਨ, ਬਜ਼ੁਰਗ ਸਭ ਨੂੰ ਇੱਕ ਚਾਅ ਜਿਹਾ ਚੜ੍ਹ ਜਾਂਦਾ ਸੀ, ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਤਿਓਹਾਰ ਵੀ ਆਪਣੀ ਚੜਤ ਤੋਂ ਨਿਘਾਰ ਵੱਲ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ਤੋਂ ਸੱਤਾ 'ਤੇ ਕਾਬਜ ਧਿਰਾਂ ਵੱਲੋਂ ਲੋਕਾਂ ਉੱਪਰ ਲਿਆਂਦੇ ਲੋਕ ਮਾਰੂ ਫੈਸਲਿਆਂ ਨੇ ਲੋਕਾਂ ਦੀ ਅਜਿਹੀ ਚੀਕ ਕਢਾਈ ਹੈ ਕਿ ਲੋਕਾਂ ਦੇ ਚਿਹਰਿਆਂ ਅਤੇ ਤਿਓਹਾਰਾਂ ਦੀ ਰੌਣਕ ਗਾਇਬ ਹੋ ਗਈ ਹੈ।
ਬਜਾਰਾਂ ਵਿੱਚ ਹੁੰਦੀ ਕੁਰਬਲ-ਕੁਰਬਲ ਦੀ ਥਾਂ ਹੁਣ ਦੁਕਾਨਦਾਰਾਂ ਦੇ ਮੂੰਹ ਤੇ ਛਾਈ ਉਦਾਸੀ ਨਜ਼ਰ ਆਉਂਦੀ ਹੈ। ਬੂਟਾਂ ਦੀ ਦੁਕਾਨ ਚਲਾਉਣ ਵਾਲੇ ਦਾਊ ਦਾ ਕਹਿਣਾ ਹੈ ਕਿ ਪਹਿਲਾਂ ਦਿਵਾਲੀ ਤੋਂ ਉਮੀਦ ਹੁੰਦੀ ਸੀ ਕਿ ਏਜੰਟਾਂ ਦੇ ਰੁਕੇ ਪੈਸੇ ਦਿਵਾਲੀ ਦਾ ਸੀਜਨ ਲਗਾ ਕੇ ਉਤਾਰ ਦੇਵਾਂਗੇ, ਪਰ ਪਿਛਲੇ ਕੁੱਝ ਸਾਲਾਂ ਤੋਂ ਦਿਵਾਲੀ ਦਾ ਸੀਜਨ ਕਿਤੇ ਖੁੱਸ ਗਿਆ ਨਜ਼ਰ ਜਾਪਦਾ ਹੈ ਅਤੇ ਏਜੰਟਾਂ ਦਾ ਕਰਜਾ ਉੱਥੇ ਦਾ ਉੱਥੇ ਖੜਾ ਹੈ। ਹਲਵਾਈ ਰਘੂ ਤਾਂ ਘਬਰਾਇਆ ਫਿਰਦਾ ਹੈ ਕਿ ਮਠਿਆਈਆਂ ਜਿਆਦਾ ਤਿਆਰ ਕਰ ਬੈਠਾ ਗਾਹਕ ਕੋਈ ਆ ਨਹੀਂ ਰਿਹਾ ਉਸਨੂੰ ਖਦਸ਼ਾ ਹੈ ਕਿ ਕਿਤੇ ਕਮਾਈ ਦੀ ਜਗ੍ਹਾ ਕਰਜਾ ਨਾ ਪੱਲੇ ਪੈ ਜਾਵੇ।
ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਦਿਵਾਲੀ ਤਾਂ ਇਸ ਵਾਰ ਧਰਨਿਆਂ ਉੱਪਰ ਹੀ ਮਨਾਈ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਜੇਬ ਵਿੱਚ ਪੈਸੇ ਨਾ ਹੋਣ ਤਾਂ ਦਿਵਾਲੀ ਕਿਸ ਗੱਲ ਦੀ। ਮੋਦੀ ਸਰਕਾਰ ਸਾਡੇ ਹੱਕਾਂ ਉੱਪਰ ਡਾਕੇ ਮਾਰਕੇ ਜੇ ਦੇਸ਼ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੰਦੀ ਹੈ ਤਾਂ ਅਸੀਂ ਵੀ ਕੇਂਦਰ ਦੀ ਹਿੱਕ ਤੇ ਦੀਵਾ ਬਾਲ ਕੇ ਹੀ ਦਿਵਾਲੀ ਮਨਾਵਾਂਗੇ।ਭੋਲੂ ਜੋ ਕਿ ਘਰਾਂ ਵਿੱਚ ਰੰਗ ਰੋਗਣ ਦਾ ਕੰਮ ਕਰਕੇ ਦਿਵਾਲੀ ਨੂੰ ਬੜੀ ਉਤਸੁਕਤਾ ਨਾਲ ਉਡੀਕ ਰਿਹਾ ਸੀ, ਉਸਦਾ ਵੀ ਕੰਮ ਮੰਦਾ ਹੋਣ ਕਰਕੇ ਉਸਦੀ ਦਿਵਾਲੀ ਦੇ ਰੰਗ ਫਿੱਕੇ ਪੈ ਗਏ।
ਜੇਕਰ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਇੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਸਰਕਾਰ ਜੋ ਬਿਜਲੀ 2020 ਲਿਆ ਰਹੀ ਹੈ ਇਸ ਨਾਲ ਲੱਖਾਂ ਬਿਜਲੀ ਕਾਮਿਆਂ ਅਤੇ ਉਪਭੋਗਤਾਵਾਂ ਦੀ ਜ਼ਿੰਦਗੀ ਵਿੱਚ ਹਨ੍ਹੇਰਾ ਛਾਉਣ ਵਾਲਾ ਹੈ। ਉਸਦਾ ਕਹਿਣਾ ਸੀ ਕਿ ਇਸ ਬਾਰੇ ਸੋਚ ਕੇ ਦਿਵਾਲੀ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਲਗਭਗ ਸਾਰੇ ਹੀ ਵਰਗ ਦਿਵਾਲੀ ਦੇ ਵੱਡੇ ਤਿਉਹਾਰ ਉੱਮਰ ਨਿਰਾਸ਼ ਜਿਹੇ ਦਿਖਾਈ ਦੇ ਰਹੇ ਹਨ ਅਤੇ ਆਪਣੀਆਂ ਖਾਲੀ ਜੇਬਾਂ ਲਈ ਮੰਦੀ ਅਤੇ ਸਰਕਾਰ ਤੋਂ ਉਲ੍ਹਾਮੇ ਦੇ ਰਹੇ ਹਨ।