ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 13 ਨਵੰਬਰ 2020 - ਜਗਤ ਗੁਰੂ ਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਦੇ ਥਾਣਾ ਸੁਲਤਾਨਪੁਰ ਲੋਧੀ 'ਚ ਮੌਜੂਦ ਪੁਰਾਤਨ ਕਿਲ੍ਹੇ ਚ ਸੰਭਾਲੀ ਹੋਈ ਇਤਿਹਾਸਕ ਮਸੀਤ ਵਿੱਚ ਅੱਜ ਸੰਤ ਬਾਬਾ ਸੁਖਦੇਵ ਸਿੰਘ ਸ਼੍ਰੀ ਭੁੱਚੋ ਸਾਹਿਬ ਵਾਲਿਆਂ ਦੇ ਉਪਰਾਲੇ ਸਦਕਾ ਵੱਖ ਵੱਖ ਮੁਸਲਿਮ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਕਰਵਾਰ ਨੂੰ "ਨਮਾਜ -ਏ - ਸ਼ੁਕਰਾਨਾ " ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮਲੇਰਕੋਟਲਾ ਤੋਂ ਉੱਚੇਚੇ ਤੌਰ ਤੇ ਪੁੱਜੇ 100 ਮੁਸਲਮਾਨਾਂ ਦੇ ਜਥੇ ਵਲੋਂ ਸ਼ਰਧਾ ਭਾਵ ਨਾਲ ਨਮਾਜ਼ ਅਦਾ ਕੀਤੀ ਗਈ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੇ ਸੱਚੀ ਨਮਾਜ਼ ਪੜ੍ਹਨ ਸੰਬੰਧੀ ਦਿੱਤੇ ਪੈਗਾਮ ਨੂੰ ਯਾਦ ਕੀਤਾ ਗਿਆ।
ਦੱਸਣਯੋਗ ਹੈ ਕਿ ਥਾਣਾ ਸੁਲਤਾਨਪੁਰ ਲੋਧੀ ਚ ਸ਼ਸ਼ੋਬਿਤ ਮਸੀਤ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਨ ਪਾਏ ਸਨ ਤੇ ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ ਨੂੰ ਸੱਚੀ ਨਮਾਜ ਅਦਾ ਕਰਨ ਦੀ ਪ੍ਰੇਰਨਾ ਕੀਤੀ ਸੀ ਤੇ ਸਮੂਹ ਸੰਗਤਾਂ ਨੂੰ ਧਿਆਨ ਇਕਾਗਰ ਚਿੱਤ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਨ ਦਾ ਸੰਦੇਸ਼ ਦਿੱਤਾ ਸੀ । ਇਹ ਪੁਰਾਤਨ ਮਸੀਤ ਉਸੇ ਤਰ੍ਹਾਂ ਹੀ ਸੰਭਾਲੀ ਹੋਈ ਹੈ।
ਅੱਜ ਦੇ ਆਯੋਜਿਤ ਸਮਾਗਮ ਚ ਮੁਸਲਮਾਨ ਭਾਈਚਾਰੇ ਤੇ ਸਿੱਖਾਂ ਵਲੋਂ ਸਾਂਝੇ ਤੌਰ ਤੇ ਸ਼ਿਰਕਤ ਕੀਤੀ ਤੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪੂਰੀ ਮਾਨਵਤਾ ਦੀ ਭਲਾਈ ਲ਼ਈ ਦਿੱਤੇ ਸਰਵ ਸਾਂਝੇ ਉਪਦੇਸ਼ ਨੂੰ ਚੇਤੇ ਕੀਤਾ। ਇਸ ਸਮੇ ਸੰਤ ਬਾਬਾ ਸੁਖਦੇਵ ਸਿੰਘ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਗਿਆਨੀ ਕਰਨੈਲ ਸਿੰਘ ਗਰੀਬ, ਮੁਹੰਮਦ ਸਮਸਾਦ ਵਾਈਸ ਪ੍ਰਧਾਨ ਜਾਇੰਟ ਐਕਸ਼ਨ ਕਮੇਟੀ , ਮੁਹੰਮਦ ਇਖਲਾਕ, ਸ਼ਹਿਜਾਦ ਹੁਸੈਨ, ਡਾ. ਇਰਸ਼ਾਦ, ਸ਼ਹਿਬਾਜ ਅਹਿਮਦ, ਅਬਦੁਲ ਗਫਾਰ ,ਜਮੀਰ ਅਲੀ ਜਮਾਰ, ਅਬਦੁਲ ਸ਼ੁਕਰ ਆਦਿ ਨੇ ਆਪਣੇ ਵਿਚਾਰ ਰੱਖੇ।