ਜੀ ਐਸ ਪੰਨੂ
ਪਟਿਆਲਾ, 13 ਨਵੰਬਰ 2020: ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਦੀਵਾਲੀ ਦੇ ਤਿਓਹਾਰ ਮੌਕੇ ਸ਼ੁੱਭ ਇਛਾਵਾਂ ਦਿੰਦਿਆਂ ਨਿਵੇਕਲੀ ਪਹਿਲਕਦਮੀ ਕਰਦਿਆਂ ਆਪਣੀ ਰਿਹਾਇਸ਼ ਦੇ ਗੇਟ 'ਤੇ ਬਾਹਰ ਕੋਈ ਤੋਹਫ਼ਾ ਨਾ ਲੈਕੇ ਆਉਣ ਦਾ ਨੋਟਿਸ ਲਗਾਇਆ ਹੋਇਆ। ਉਨ੍ਹਾਂ ਦੱਸਿਆ ਕਿ ਆਪਣੇ ਸ਼ੁੱਭ ਚਿੰਤਕਾਂ ਦੀਆਂ ਸ਼ੁੱਭ ਇਛਾਵਾਂ ਅਤੇ ਅਸ਼ੀਰਵਾਦ ਦੀ ਹੀ ਲੋੜ ਹੈ ਅਤੇ ਉਨ੍ਹਾਂ ਦੀਆਂ ਦਿਲੋਂ ਦਿੱਤੀਆਂ ਮੁਬਾਰਕਾਂ ਅਤੇ ਸ਼ੁੱਭ ਇਛਾਵਾਂ ਉਨ੍ਹਾਂ ਲਈ ਵੱਡੇ ਤੋਂ ਵੱਡੇ ਤੋਹਫ਼ਿਆਂ ਤੋਂ ਵੀ ਵਧੇਰੇ ਕੀਮਤੀ ਹਨ।
ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਡੇ ਜੀਵਨ, ਸਾਡੇ ਅਮੀਰ ਵਿਰਸੇ ਅਤੇ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਹਨ, ਜਿਸ ਲਈ ਇਨ੍ਹਾਂ ਤਿਓਹਾਰਾਂ ਨੂੰ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਣਾ ਹੀ ਵੱਡਾ ਤੋਹਫਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਤੋਹਫ਼ਿਆਂ ਦੀ ਪੈ ਗਈ ਰਵਾਇਤ ਇਨ੍ਹਾਂ ਤਿਉਹਾਰਾਂ ਦੀ ਪਵਿੱਤਰਤਾ ਅਤੇ ਮੂਲ ਭਾਵਨਾਵਾਂ ਨੂੰ ਭੰਗ ਕਰਦੀ ਹੈ, ਜਿਸ ਲਈ ਸਾਨੂੰ ਸਭ ਨੂੰ ਤੋਹਫ਼ੇ ਦੇਣ ਜਾਂ ਲੈਣ ਤੋਂ ਗੁਰੇਜ਼ ਕਰਦਿਆਂ ਸ਼ੁੱਭ ਇਛਾਵਾਂ ਦੇ ਕੇ ਇਨ੍ਹਾਂ ਤਿਉਹਾਰਾਂ ਨੂੰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ।