ਹਰਜਿੰਦਰ ਸਿੰਘ ਭੱਟੀ
- 32000 ਦੇ ਕਰੀਬ ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਕ ਲੈਣਗੇ ਲਾਹਾ
ਐਸ.ਏ.ਐਸ. ਨਗਰ, 17 ਨਵੰਬਰ 2020 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਹਿੱਤ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਮਿਤੀ 23 ਤੋਂ 28 ਨਵੰਬਰ ਤੱਕ ਵਿਭਾਗ ਵੱਲੋਂ ਐੱਨ.ਟੀ.ਐੱਸ.ਈ. ਦੀ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ ਇੱਕ ਘੰਟਾ ਮਾਹਿਰਾਂ ਵੱਲੋਂ ਵਿਸ਼ੇਸ਼ ਲੈਕਚਰ ਰਾਹੀਂ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਸਬੰਧੀ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਜਾਣਕਾਰੀ ਦਿੱਤੀ ਕਿ ਮਿਤੀ 23 ਤੋਂ 28 ਨਵੰਬਰ ਤੱਕ ਰੋਜ਼ਾਨਾ 12:30 ਵਜੇ ਤੋਂ 1:30 ਬਾਦ ਦੁਪਹਿਰ ਤੱਕ ਡਾ. ਗੁਲਸ਼ਨ ਸ਼ਰਮਾ ਡਾਇਰੈਕਟਰ ਜਨਰਲ ਆਈ.ਸੀ.ਐੱਸ.ਆਈ ਅਤੇ ਉਤਸ਼ਾਹੀ ਬੁਲਾਰੇ ਵੱਜੋਂ ਉਹਨਾਂ ਦੇ ਯੂ-ਟਿਊਬ ਲਿੰਕ ਦੁਆਰਾ ਵੈਬੀਨਾਰ ਰਾਹੀਂ ਐੱਨ.ਟੀ.ਐੱਸ.ਈ ਪ੍ਰੀਖਿਆ ਦੀ ਤਿਆਰੀ ਅਤੇ ਪ੍ਰਸ਼ਨ-ਪੱਤਰ ਨੂੰ ਹੱਲ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਵੈਬੀਨਾਰ ਵਿੱਚ ਐੱਨ.ਟੀ.ਐੱਸ.ਈ. ਪ੍ਰੀਖਿਆ ਲਈ ਰਜਿਸਟਰਡ 32000 ਵਿਦਿਆਰਥੀਆਂ ਤੋਂ ਇਲਾਵਾ ਉਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਵੀ ਰੋਜ਼ਾਨਾ ਸੈਮੀਨਾਰ ਵਿੱਚ ਭਾਗ ਲੈਣਾ ਯਕੀਨੀ ਬਨਾਉਣਗੇ ਤਾਂ ਜੋ ਬਾਅਦ ਵਿੱਚ ਵਿਦਿਆਰਥੀਆਂ ਨੂੰ ਹੋਰ ਵੀ ਯੋਗ ਅਗਵਾਈ ਦਿੱਤੀ ਜਾ ਸਕੇ।