- ਇੰਗਲਿੰਸ਼ ਬੂਸਟਰ ਕਲੱਬਾਂ ਦੇ ਅਧਿਆਪਕ ਮੈਂਬਰ 24 ਨਵੰਬਰ ਤੱਕ ਕਰਨਗੇ ਗਰੁੱਪ ਮਿਲਣੀਆਂ
ਐਸ.ਏ.ਐਸ. ਨਗਰ, 18 ਨਵੰਬਰ 2020 - ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਤਾਂ ਵਿਭਾਗ ਲੰਮੇ ਸਮੇਂ ਤੋਂ ਉਪਰਾਲੇ ਕਰ ਹੀ ਰਿਹਾ ਹੈ ਬਲਕਿ ਇਸ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਅਤੇ ਮਾਪਿਆਂ ਦੀ ਮੰਗ ਅਨੁਸਾਰ ਅੰਗਰੇਜ਼ੀ ਭਾਸ਼ਾ ਨੂੰ ਬੋਲਣ ਵਿੱਚ ਵਿਦਿਆਰਥੀਆਂ ਨੂੰ ਆਉਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਅਤੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਬੋਲਣ ਵਿੱਚ ਆ ਰਹੀ ਝਿਜਕ ਨੂੰ ਦੂਰ ਕਰਨ ਲਈ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ 'ਇੰਗਲਿਸ਼ ਬੂਸਟਰ ਕਲੱਬਾਂ' ਦੀ ਸ਼ੁਰੂਆਤ ਕੀਤੀ ਗਈ ਹੈ। ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਇੰਗਲਿਸ਼ ਬੂਸਟਰ ਕਲੱਬਾਂ ਦੇ ਮੈਂਬਰ ਅਧਿਆਪਕਾਂ ਦੀਆਂ ਆਨ-ਲਾਈਨ ਮਿਲਣੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 24 ਨਵੰਬਰ ਤੱਕ ਅੰਗਰੇਜ਼ੀ ਬੂਸਟਰ ਕਲੱਬਾਂ ਦੇ ਮੈਂਬਰ ਅਧਿਆਪਕ ਅੰਗਰੇਜ਼ੀ ਬੋਲਣ ਵਿੱਚ ਝਿਜਕ ਨੂੰ ਦੂਰ ਕਰਨ ਲਈ ਅਤੇ ਅੰਗਰੇਜ਼ੀ ਬੋਲਣ ਦੀ ਮੁਹਾਰਤ ਪ੍ਰਾਪਤ ਕਰਨ ਲਈ ਜ਼ੂਮ ਐਪ ਰਾਹੀਂ ਆਨ-ਲਾਈਨ ਮਿਲਣੀਆਂ ਕਰਨਗੇ। ਇਹਨਾਂ ਮਿਲਣੀਆਂ ਦਾ ਆਯੋਜਨ ਸਾਰੇ ਜ਼ਿਲ੍ਹਿਆਂ ਵਿੱਚ ਅੰਗਰੇਜ਼ੀ ਵਿਸ਼ੇ ਦੇ ਜ਼ਿਲ੍ਹਾ ਮੈਂਟਰ (ਡੀ ਐੱਮ) ਕਰਨਗੇ। ਇਹਨਾਂ ਮਿਲਣੀਆਂ ਵਿੱਚ ਇੰਗਲਿਸ਼ ਬੂਸਟਰ ਕਲੱਬਾਂ ਦੇ 15 ਤੋਂ 20 ਮੈਂਬਰ ਅਧਿਆਪਕ, ਸਾਰੇ ਵਿਸ਼ਿਆਂ ਜਿਵੇਂ ਗਣਿਤ, ਸਾਇੰਸ, ਕੰਪਿਊਟਰ, ਪੰਜਾਬੀ, ਹਿੰਦੀ, ਸਰੀਰਕ ਸਿੱਖਿਆ ਦੇ ਜ਼ਿਲ੍ਹਾ ਮੈਂਟਰ ਅਤੇ ਜ਼ਿਲ੍ਹਿਆਂ ਦੇ ਮੀਡੀਆ ਕੋਆਰਡੀਨੇਟਰ ਭਾਗ ਲੈਣਗੇ। ਇਹਨਾਂ ਮਿਲਣੀਆਂ ਵਿੱਚ ਸਬੰਧਤ ਜ਼ਿਲ੍ਹੇ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮੁੱਖ ਮਹਿਮਾਨ ਹੋਵੇਗਾ। ਹਰ ਇੱਕ ਬੁਲਾਰੇ ਨੂੰ 45 ਸੈਕਿੰਡ ਤੋਂ 90 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ। ਇਹਨਾਂ ਮਿਲਣੀਆਂ ਵਿੱਚ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਨਮਾਨ ਪੱਤਰ ਵੀ ਪ੍ਰਦਾਨ ਕੀਤੇ ਜਾਣਗੇ।