ਮਨਿੰਦਰਜੀਤ ਸਿੱਧੂ
ਜੈਤੋ, 19 ਨਵੰਬਰ 2020 - ਬੀਤੇ ਜੂਨ ਦੇ ਮਹੀਨੇ ਵਿੱਚ ਗੁਲਵਾਨ ਘਾਟੀ ਵਿੱਚ ਭਾਰਤੀ ਫੌਜ ਅਤੇ ਚੀਨ ਦੀ ਫੌਜ ਵਿਚਾਲੇ ਹੋਈ ਝੜਪ ਵਿੱਚ ਜਿੱਥੇ ਭਾਰਤੀ ਫੌਜ ਨੇ ਚੀਨ ਦੀ ਫੌਜ ਦੇ ਕਈ ਸੈਨਿਕ ਮਾਰ ਦਿੱਤੇ ਸਨ ਉੱਥੇ ਹੀ ਭਾਰਤੀ ਫੌਜ ਦੇ ਕਈ ਜਵਾਨ ਵੀ ਸ਼ਹੀਦ ਹੋਏ ਸਨ। ਜਿਨ੍ਹਾਂ ਵਿੱਚੋਂ 5 ਜਵਾਨ ਪੰਜਾਬ ਨਾਲ ਸਬੰਧ ਰੱਖਦੇ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਜਵਾਨਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਪ੍ਰਤੀ ਪਰਿਵਾਰ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਪਰ 5 ਜਵਾਨਾਂ ਵਿੱਚੋਂ 3 ਸ਼ਹੀਦ ਹੋਣ ਵਾਲ ਜਵਾਨ ਸ਼ਹੀਦ ਹੋਣ ਸਮੇਂ ਕੁਆਰੇ ਸਨ, ਜਿਹਨਾਂ ਦੇ ਨਾਮ ਲੈਸ ਨਾਇਕ ਸਲੀਮ ਖਾਨ, ਸਿਪਾਹੀ ਗੁਰਤੇਜ ਸਿੰਘ ਅਤੇ ਗੁਰਬਿੰਦਰ ਸਿੰਘ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਉਹਨਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ ਸੀ।
ਸਰਕਾਰ ਦਾ ਨਿਯਮ ਹੈ ਕਿ ਨੌਕਰੀ ਸ਼ਹੀਦ ਹੋਣ ਵਾਲੇ ਸੈਨਿਕ ਦੀ ਪਤਨੀ ਜਾਂ ਬੱਚਿਆਂ ਨੂੰ ਹੀ ਦਿੱਤੀ ਜਾ ਸਕਦੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਖੁਦ ਫੌਜੀ ਹੁੰਦੇ ਹੋਏ ਫੌਜੀਆਂ ਦੇ ਪਰਿਵਾਰਾਂ ਦੇ ਦਰਦ ਨੂੰ ਸਮਝਦੇ ਹੋਏ, ਕੱਲ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਨਿਯਮਾਂ ਵਿੱਚ ਸੋਧ ਕਰਦਿਆਂ ਇਹਨਾਂ ਸਹੀਦਾਂ ਦੇ ਵਿਆਹੇ ਹੋਏ ਭੈਣ-ਭਰਾਵਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨੂੰ ਹਰ ਵਰਗ ਵੱਲੋਂ ਸਲਾਹਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹੀਦ ਦੇਸ਼-ਕੌਮ ਦਾ ਸਰਮਾਇਆ ਹੁੰਦੇ ਹਨ। ਜੋ ਕੌਮ ਜੋ ਸਰਕਾਰ ਸਹੀਦਾਂ ਦਾ ਮਾਣ ਸਤਿਕਾਰ ਨਹੀਂ ਕਰਦੀ ਉਹ ਕੌਮਾਂ ਖਤਮ ਹੋ ਜਾਂਦੀਆਂ ਹਨ। ਸਾਬਕਾ ਫੌਜੀਆਂ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨੂੰ ਇੱਕ ਇਤਿਹਾਸਿਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਫੌਜੀ ਦਾ ਫੌਜੀਆਂ ਦੇ ਹੱਕ ਵਿੱਚ ਆਇਆ ਇੱਕ ਸਲਾਘਾਯੋਗ ਫੈਸਲਾ ਹੈ।
ਫੌਜੀ ਜਵਾਨਾਂ ਦਾ ਵਧੇਗਾ ਹੌਂਸਲਾ- ਸਾਬਕਾ ਕੈਪਟਨ ਦਰਸ਼ਨ ਸਿੰਘ ਬਠਿੰਡਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨਾਲ ਫੌਜ ਵਿੱਚ ਭਰਤੀ ਹੋਕੇ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਦਾ ਹੌਂਸਲਾ ਹੋਰ ਵਧੇਗਾ ਇਹਨਾਂ ਸਬਦਾਂ ਦਾ ਪ੍ਰਗਟਾਵਾ ਸਾਬਕਾ ਕੈਪਟਨ ਦਰਸ਼ਨ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਇਹ ਫੈਸਲਾ ਲੈਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਬੇਸ਼ੱਕ ਇੱਕ ਰਾਜ ਦੇ ਮੁੱਖ ਮੰਤਰੀ ਜਰੂਰ ਹਨ, ਪਰ ਉਹਨਾਂ ਦੇ ਅੰਦਰਲਾ ਫੌਜੀ ਹਾਲੇ ਤੱਕ ਵੀ ਉਸੇ ਤਰ੍ਹਾਂ ਜਿਉਂਦਾ ਹੈ।